ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਨੂੰ ਦੋ ਦਿਨ ਹੋਰ ਰਿੜਕੇਗੀ ਰੂਪਨਗਰ ਦੀ ਪੁਲਸ
Tuesday, Sep 21, 2021 - 06:43 PM (IST)
ਰੂਪਨਗਰ (ਸੱਜਣ ਸਿੰਘ ਸੈਣੀ) - ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿਗਰਟ ਦਾ ਧੂੰਆਂ ਰਾਗੀ ਸਿੰਘਾਂ ਵੱਲ ਨੂੰ ਸੁੱਟਣ ਵਾਲੇ ਦੋਸ਼ੀ ਨੂੰ ਰੂਪਨਗਰ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਤੇਜ਼ ਮੀਂਹ ਦੌਰਾਨ ਰੂਪਨਗਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਜੱਜ ਵੱਲੋਂ ਦੋਸ਼ੀ ਨੂੰ ਦੋ ਦਿਨਾਂ ਦੇ ਹੋਰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਦੋਸ਼ੀ ਦੀ ਪੇਸ਼ੀ ਦੌਰਾਨ ਕੁਝ ਸਿੱਖ ਨੌਜਵਾਨ ਉਕਤ ਥਾਂ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੋਸ਼ੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਮਲੇ ਸਬੰਧੀ ਐੱਸ.ਪੀ. ਹੈੱਡ. ਕੁਆਰਟਰ ਸਰਦਾਰ ਅਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਦਾ ਦੋ ਦਿਨਾਂ ਹੋਰ ਪੁਲਸ ਰਿਮਾਂਡ ਦਿੱਤਾ ਗਿਆ ਹੈ। ਦੋਸ਼ੀ ਕੋਲੋਂ ਇਸ ਮਾਮਲੇ ਸਬੰਧੀ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਵੇਰੇ ਤੜਕਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੋਸ਼ੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਦਾਖ਼ਲ ਹੋ ਕੇ ਪਹਿਲਾਂ ਸਿਗਰਟ ਜਲਾਈ ਗਈ, ਉਸ ਤੋਂ ਬਾਅਦ ਸਿਗਰਟ ਦਾ ਧੂੰਆਂ ਕੀਰਤਨ ਕਰ ਰਹੇ ਰਾਗੀਆਂ ਵੱਲ ਸੁੱਟਿਆ ਗਿਆ। ਇਸ ਤੋਂ ਬਾਅਦ ਦੋਸ਼ੀ ਨੂੰ ਮੌਕੇ ਤੋਂ ਕਾਬੂ ਕਰ ਲਿਆ ਅਤੇ ਫਿਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪਹਿਲਾਂ ਪੁਲਸ ਨੇ ਦੋਸ਼ੀ ਖ਼ਿਲਾਫ਼ ਧਾਰਾ -295A ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ ਪਰ ਜਿਵੇਂ ਹੀ ਇਸ ਮਾਮਲੇ ਵਿਚ ਸਿੱਖ ਸੰਗਤਾਂ ਵੱਲੋਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਮੰਗ ਪੱਤਰ ਦਿੰਦੇ ਹੋਏ ਦੋਸ਼ੀ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤਾਂ ਪੁਲਸ ਵੱਲੋਂ ਦੋਸ਼ੀ ਖ਼ਿਲਾਫ਼ ਯੂ.ਏ.ਪੀ.ਏ. ਸਮੇਤ ਹੋਰ ਕਈ ਸਖ਼ਤ ਧਰਾਵਾਂ ਦਾ ਵਾਧਾ ਕੀਤਾ ਗਿਆ ਹੈ ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ