ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬੇਅਦਬੀ ਮਾਮਲੇ ’ਤੇ ਸੁਖਬੀਰ, ਹਰਸਿਮਰਤ ਬਾਦਲ ਤੇ ਕੈਪਟਨ ਚੁੱਪ ਕਿਉਂ: ਬੀਰ ਦਵਿੰਦਰ
Saturday, Sep 18, 2021 - 06:27 PM (IST)
ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੀ ਅੱਤ ਮੰਦਭਾਗੀ ਘਟਨਾ ਵਾਪਰੇ ਨੂੰ ਅੱਜ 5 ਦਿਨ ਹੋ ਗਏ ਹਨ। ਇਸ ਘਟਨਾ ਨੇ ਸਾਰੇ ਸਿੱਖ ਜਗਤ ਦੇ ਹਿਰਦੇ ਵਲੂੰਦਰ ਸੁੱਟੇ ਹਨ ਪਰ ਇਸ ਸਾਰੇ ਘਟਨਾਕ੍ਰਮ ’ਤੇ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਭੇਦ-ਭਰੀ ਚੁੱਪ ਸਾਧੀ ਹੋਈ ਹੈ। ਉਪਰੋਕਤ ਗੱਲਾਂ ਦਾ ਪ੍ਰਗਟਾਵਾ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ,ਪੰਜਾਬ ਵਿਧਾਨ ਸਭਾ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਆਪਣੇ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਨੇ ਨਾ ਤਾਂ ਇਸ ਅੱਤ ਮੰਦਭਾਗੀ ਘਟਨਾ ਦੀ ਨਿੰਦਾ ਵੀ ਨਹੀਂ ਕੀਤੀ ਅਤੇ ਨਾ ਹੀ ਇਸ ਅਤੀ ਸੰਵੇਦਨਸ਼ੀਲ ਮਾਮਲੇ ’ਤੇ ਕੋਈ ਆਪਣਾ ਬਣਦਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਸਿੱਖ ਸੰਗਤਾਂ ਇਹ ਜਾਨਣਾ ਚਾਹੁੰਦੀਆਂ ਹਨ ਕਿ “ਬਾਦਲਾਂ ਦੀ ਇਸ ਭੇਦਭਰੀ ਚੁੱਪ ਦੇ ਪਿੱਛੇ ਕੀ ਰਾਜ਼ ਹੈ? ਕੀ ਹਾਲੇ ਵੀ ਕੋਈ, “ਡੇਰਾ ਸਿਰਸਾ ਦੇ ਵੋਟ ਬੈਂਕ ਨੂੰ ਲੈ ਕੇ, ਪਰਦੇ ਦੇ ਪਿੱਛੇ, ਸਿੱਖ ਕੌਮ ਦੇ ਵਡੇਰੇ ਹਿੱਤਾਂ ਦੇ ਵਿਰੁੱਧ, ਕੋਈ ਖਿੱਚੜੀ ਤਾਂ ਨਹੀਂ ਪੱਕ ਰਹੀ?
ਜ਼ਿਕਰਯੋਗ ਹੈ ਕਿ 13 ਸਤੰਬਰ ਨੂੰ ਲਗਪਗ ਸ਼ਾਮ ਦੇ 4 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਇੱਕ “ਪਰਮਜੀਤ ਨਾਮ ਦਾ ਸਿਗਰਟਨੋਸ਼ ਵਿਅਕਤੀ, ਸਿਗਰਟ ਧੁਖਾਉਂਦਾ ਹੈ ਅਤੇ ਸਿਗਰਟ ਦੇ ਤੰਬਾਕੂ ਦੇ ਧੂਏਂ ਨਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਪਵਿੱਤਰ ਫਿਜ਼ਾਵਾਂ ਨੂੰ ਪਲੀਤ ਕਰਕੇ, ਤਖ਼ਤ ਸਾਹਿਬ ਦੀ ਘੋਰ ਬੇਅਦਬੀ ਕਰਦਾ ਹੈ। ਪੜਤਾਲ ਤੋਂ ਪਤਾ ਚਲਦਾ ਹੈ ਕਿ ਉਕਤ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ, ਜ਼ਿਲ੍ਹਾ ਮੋਗਾ ਦੇ ਪਿੰਡ ਲੰਗੇਆਣਾਂ ਦੇ ਰਹਿਣ ਵਾਲਾ ਹੈ ਅਤੇ ਉਸ ਦਾ ਪਿਤਾ ਗੁਰਮੇਲ ਸਿੰਘ, ਡੇਰਾ ਸਿਰਸਾ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਹੈ। ਇਸ ਅਤੀ ਮਹੱਤਵਪੂਰਨ ਜਾਣਕਾਰੀ ਨਾਲ ਇੱਕ ਗੱਲ ਤਾਂ ਸਪੱਸ਼ਟ ਹੋ ਜਾਂਦੀ ਹੈ, ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੀ ਅੱਤ ਮੰਦਭਾਗੀ ਘਟਨਾ ਪਿੱਛੇ ਡੇਰਾ ਸਿਰਸਾ ਦੀ ਹੀ ਡੂੰਘੀ ਸਾਜਿਸ਼ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਲੜੀਵਾਰ ਸਿਲਸਿਲੇ ਦੀ ਇੱਕ ਕੁੜੀ ਹੈ। ਸ਼ਾਇਦ ਇਸੇ ਲਈ ਹੀ ਇਹ ਘਟਨਾ ਇੱਕ ਗਿਣੀ-ਮਿਥੀ ਸਾਜਿਸ਼ ਅਧੀਨ, ਪੰਜਾਬ ਵਿੱਚ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਆਮ ਚੋਣਾਂ ਤੇ ਲਗਪਗ 6 ਮਹੀਨੇ ਪਹਿਲਾਂ ਵਾਪਰੀ ਹੈ। ਮੇਰਾ ਮੰਨਣਾ ਹੈ ਕਿ ਇਹ ਘਟਨਾ, ਸਿੱਖ ਕੌਮ ਦੀ ਸਮੁੱਚੀ ਹੋਂਦ ਵਿਰੁੱਧ ਇੱਕ ਵਿਆਪਕ ਸਾਜਿਸ਼ ਦੀ ਨਿਸ਼ਾਨਦੇਹੀ ਕਰਦੀ ਹੈ, ਜਿਸ ਤੋਂ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਸਾਜਿਸ਼ ਇਹ ਵੀ ਹੋ ਸਕਦੀ ਹੈ ਕਿ ਅਜਿਹੀਆਂ ਘਟਨਾਵਾਂ ਕਾਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਰ ਕਰ ਦਿੱਤਾ ਜਾਵੇ ਕਿ ਉਹ ਹਰ ਗ਼ੈਰ-ਪਗੜੀਧਾਰੀ ਸ਼ਰਧਾਲੂਆਂ ਦੀ ਤਖ਼ਤ ਸਾਹਿਬ ਜਾਂ ਕਿਸੇ ਵੀ ਹੋਰ ਧਾਰਮਿਕ ਅਸਥਾਨ ਉੱਤੇ, ਮੱਥਾ ਟੇਕਣ ਤੋਂ ਪਹਿਲਾਂ, ਪੂਰਨ ਤੌਰ ’ਤੇ ਤਲਾਸ਼ੀ ਕਰਕੇ, ਇਸ ਗੱਲ ਨੂੰ ਨਿਸ਼ਚਿਤ ਬਣਾਵੇ ਕਿ ਉਸ ਸ਼ਰਧਾਲੂ ਦੀ ਜੇਲ੍ਹ ਵਿੱਚ ਕੋਈ ਇਤਰਾਜ਼ ਯੋਗ ਸਮੱਗਰੀ ਤਾਂ ਨਹੀਂ ਹੈ?
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਲਈ ਇਹ ਅਨੁਮਾਨ ਲਾਉਣਾ ਕੋਈ ਔਖਾ ਨਹੀਂ ਹੋਵੇਗਾ ਕਿ ਅਜਿਹੇ ਵਰਤਾਰਿਆਂ ਦੇ ਕੀ ਨਤੀਜੇ ਨਿਕਲ ਸਕਦੇ ਹਨ? ਨੁਕਸਾਨ ਤਾਂ ਸੰਗਠਿਤ ਸਿੱਖ ਸ਼ਕਤੀ ਦਾ ਹੀ ਹੋਣਾ ਹੈ, ਜਿਸ ਨੂੰ ਬਿਖੇਰਨ ਲਈ ਇਹ ਘਿਨਾਉਂਣੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਜਿਨ੍ਹਾਂ ਸ਼ਰਧਾਲੂਆਂ ਦੀਆਂ ਗੁਰੂ ਘਰ ਦੇ ਬਾਹਰ ਤਲਾਸ਼ੀਆਂ ਹੋਣਗੀਆਂ, ਉਹ ਇਸ ਘਟਨਾ ਨੂੰ ਕਿਸੇ ਵੀ ਹਾਲਤ ਵਿੱਚ, ਸੁਖਾਵੇਂ ਰੂਪ ਵਿੱਚ ਨਹੀਂ ਲੈਣਗੇ। ਮੇਰੀ ਸਿੱਖ ਸੰਗਤ ਨੂੰ ਇਹ ਨਿਮਰਤਾ ਸਾਹਿਤ ਬੇਨਤੀ ਹੈ ਕਿ ਅਜਿਹੀ ਹਰ ਮੰਦਭਾਗੀ ਘਟਨਾ ਤੋਂ ਬਾਅਦ, ਸਿੱਖ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ‘ਸਿੰਘ ਸਾਹਿਬਾਨਾਂ ਦੇ ਤੁਰੰਤ ਅਸਤੀਫ਼ੇ ਦੀ ਮੰਗ ਕਰਨਾ, ਨਾ ਤਾਂ ਕੋਈ ਮਸਲੇ ਦਾ ਹੱਲ ਹੈ ਅਤੇ ਨਾ ਹੀ ਕੋਈ ਚੰਗੀ ਗੱਲ ਹੈ। ਹਰ ਘਟਨਾ ਦੇ ਸਹੀ ਪਰਿਪੇਖ ਨੂੰ ਸਮਝਣਾ ਚਾਹੀਦਾ ਹੈ ਅਤੇ ਸਮੁੱਚੀ ਸਾਜਿਸ਼ ਦੇ ਵਿਸਥਾਰ ਦੀ, ਬਰੀਕੀ ਨਾਲ ਘੋਖ ਕਰਨੀ ਚਾਹੀਦੀ ਹੈ। ਫਿਲਹਾਲ ਪਹਿਲਾਂ ਇਸ ਗੱਲ ’ਤੇ ਵਿਚਾਰ ਕਰਨ ਦੀ ਲੋੜ ਹੈ ਕਿ ਇਸ ਘਟਨਾ ਦੀ ਹਾਲੇ ਤੀਕਰ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਅਤੇ ਨਾ ਹੀ ਬਾਦਲ ਪਰਿਵਾਰ ਨੇ ਇਸ ਮਾਮਲੇ ’ਤੇ ਆਪਣੀ ਚੁੱਪੀ ਤੋੜੀ ਹੈ।