ਬੇਅਦਬੀ ਦੇ ਰੋਸ 'ਚ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ 'ਚ ਸੰਗਤਾਂ ਵਲੋਂ ਥਾਣੇ ਅੱਗੇ ਸ਼ਾਂਤਮਈ ਧਰਨਾ

Tuesday, Apr 24, 2018 - 03:26 PM (IST)

ਬੇਅਦਬੀ ਦੇ ਰੋਸ 'ਚ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ 'ਚ ਸੰਗਤਾਂ ਵਲੋਂ ਥਾਣੇ ਅੱਗੇ ਸ਼ਾਂਤਮਈ ਧਰਨਾ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) —ਬੀਤੇ ਐਤਵਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅੱਜ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ 'ਚ ਸਰਬੱਤ ਖਾਲਸਾ ਦੌਰਾਨ ਥਾਪੇ ਗਏ ਜਥੇਦਾਰਾਂ ਸਮੇਤ 150 ਸਿੱਖ ਜਥੇਬੰਦੀਆਂ ਵਲੋਂ ਇਕੱਠ ਕੀਤਾ ਗਿਆ। ਇਸ ਮੌਕੇ ਸਰਬੱਤ ਖਾਲਸਾ ਦੌਰਾਨ ਸ੍ਰੀ ਕੇਸਗੜ੍ਹ ਸਾਹਿਬ ਦੇ ਥਾਪੇ ਗਏ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਜਥੇਦਾਰ ਸ੍ਰੀ ਦਮਦਮਾ ਸਾਹਿਬ ਬਲਜੀਤ ਸਿੰਘ ਦਾਦੂਵਾਲ  ਆਦਿ ਹਾਜ਼ਰ ਸਨ। ਮੁਤਵਾਜੀ ਜਥੇਦਾਰਾਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਿੱਖ ਕੌਮ ਨੂੰ ਇਕ ਜੁੱਟ ਹੋਣ ਦਾ ਸੰਦੇਸ਼ ਦਿੱਤਾ ਅਤੇ ਗੁਰਦੁਆਰਾ ਸਾਹਿਬ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਨਿੰਦਾ ਕੀਤੀ।  ਉਥੇ ਹੀ ਇਸ ਮਾਮਲੇ ਸਬੰਧੀ ਜੁਰਮ 'ਚ ਵਾਧਾ ਕਰਨ ਲਈ ਮੁਤਵਾਜੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ 'ਚ ਸਾਰੀ ਸੰਗਤ ਨੇ ਥਾਣਾ ਕੋਟਭਾਈ ਦੇ ਗੇਟ ਅੱਗੇ ਧਰਨਾ ਦਿੰਦੇ ਹੋਏ 'ਵਾਹਿਗੁਰੂ' ਜੀ ਦੇ ਨਾਂ ਦਾ ਜਾਪ ਕੀਤਾ।
ਦੱਸਣਯੋਗ ਹੈ ਕਿ ਪਿੰਡ ਭੂੰਦੜ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਗੁਰਦੁਆਰਾ ਸਾਹਿਬ 'ਚ ਸਹੁੰ ਚੁੱਕਣ ਦੌਰਾਨ ਇਕ ਔਰਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰ ਦਿੱਤੀ ਗਈ ਸੀ। ਫਿਲਹਾਲ ਪੁਲਸ ਨੇ ਇਸ ਮਾਮਲੇ ਵਿਚ ਉਕਤ ਔਰਤ ਸਣੇ ਦੋ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  


Related News