ਅੱਜ ਤੋਂ ਸੰਗਤਾਂ ਲਈ ਖੁੱਲ੍ਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਵਾਜ਼ੇ

06/08/2020 6:07:56 PM

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ)— ਪਿਛਲੇ ਕਾਫ਼ੀ ਸਮੇਂ ਤੋਂ ਕੋਰੋਨਾ ਵਾਇਰਸ ਦੇ ਚਲਦਿਆਂ ਧਾਰਮਿਕ ਸਥਾਨਾਂ 'ਤੇ ਸੰਗਤਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾਈ ਗਈ ਸੀ। ਸਰਕਾਰ ਦੀਆਂ ਨਵੀਆਂ ਹਦਾਇਤਾਂ ਜ਼ਰੀਏ ਅੱਜ ਤੋਂ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਰਧਾਲੂਆਂ ਦੇ ਆਉਣ-ਜਾਣ ਲਈ ਖੋਲ੍ਹ ਦਿੱਤੇ ਗਏ ਹਨ।

PunjabKesari

ਇਸੇ ਤਹਿਤ ਅੱਜ ਸ੍ਰੀ ਕੇਸਗੜ੍ਹ ਸਾਹਿਬ 'ਚ ਗੁਰੂ ਸਾਹਿਬ ਦੇ ਚਰਣਾਂ 'ਚ ਨਤਮਸਤਕ ਹੋ ਕੇ ਸ਼ਰਧਾਲੂਆਂ ਨੇ ਆਸ਼ੀਰਵਾਦ ਹਾਸਲ ਕੀਤਾ। ਕੋਰੋਨਾ ਵਾਇਰਸ ਦੇ ਬਚਾਅ ਸਬੰਧੀ ਪੂਰੇ ਪ੍ਰਬੰਧ ਕੀਤੇ ਗਏ ਹਨ। ਇਥੇ ਐੱਸ. ਜੀ. ਪੀ. ਸੀ. ਵੱਲੋਂ ਪ੍ਰਵੇਸ਼ ਦੁਆਰ 'ਤੇ ਸੈਨੇਟਾਈਜ਼ਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ, ਉਥੇ ਹੀ ਕਾਮੇ ਵੀ ਤਾਇਨਾਤ ਕੀਤੇ ਗਏ ਹਨ, ਜੋ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਮੁਤਾਬਕ ਸ਼ਰਧਾਲੂਆਂ ਨੂੰ ਜਾਗਰੂਕ ਕਰ ਰਹੇ ਹਨ।ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਸਰਕਾਰ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਨਵੇਂ ਦਿਸ਼ਾਂ ਨਿਰਦੇਸ਼ਾਂ ਤਹਿਤ ਧਾਰਮਿਕ ਸਥਾਨ ਖੋਲ੍ਹ ਦਿੱਤੇ ਹਨ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ 'ਚ ਧਾਰਮਿਕ ਆਸਥਾ ਹੈ।

PunjabKesari

ਉਥੇ ਹੀ ਦੂਜੇ ਪਾਸੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਦੀ ਆਵਾਜਾਈ ਨੂੰ ਵੇਖਦੇ ਹੋਏ ਇਥੇ ਰਹਿਣ ਵਾਲੀ ਸੰਗਤ ਲਈ ਸਰਾਂਅ ਦਾ ਵੀ ਪੂਰਾ ਪ੍ਰਬੰਧ ਸਿਹਤ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤਾ ਗਿਆ ਹੈ। ਦੂਰ ਤੋਂ ਆਉਣ-ਜਾਣ ਵਾਲੇ ਸ਼ਰਧਲੂਆਂ ਨੂੰ ਇਕ ਕਮਰੇ 'ਚ ਸਿਰਫ 2 ਲੋਕਾਂ ਲਈ ਨਿਵਾਸ ਦਿੱਤਾ ਜਾਵੇਗਾ ਅਤੇ ਸਰਾਂਅ ਨੂੰ ਮੰਜ਼ਿਲਾਂ 'ਚ ਵੰਡ ਦਿੱਤਾ ਗਿਆ ਹੈ। ਸਿਹਤ ਮਹਿਕਮੇ ਨਾਲ ਗੱਲਬਾਤ ਕਰਕੇ ਆਉਣ ਵਾਲੇ ਸ਼ਰਧਾਲੂ ਜੋ ਸਰਾਂਅ 'ਚ ਰਹਿਣਗੇ, ਉਨ੍ਹਾਂ ਦੀ ਜਾਂਚ ਵੀ ਕੀਤੀ ਜਾਵੇਗੀ।

PunjabKesari

ਲੰਗਰ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਮਾਰੀ ਦੇ ਚਲਦਿਆਂ ਪਹਿਲਾਂ ਤਾਲਾਬੰਦੀ ਸੀ ਉਦੋਂ ਵੀ ਗੁਰੂ ਸਾਹਿਬ ਦਾ ਆਸ਼ੀਰਵਾਦ ਲੰਗਰ ਪ੍ਰਸਾਦ ਲੋਕਾਂ 'ਚ ਵੰਡਿਆ ਜਾ ਰਿਹਾ ਸੀ। ਹੁਣ ਵੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸ਼ਰਧਾਲੂਆਂ ਦੀ ਸੁਵਿਧਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਸਮਾਜਿਕ ਦੂਰੀ ਦੇ ਤਹਿਤ ਲੰਗਰ ਛਕਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਅਜੇ ਸ਼ਰਧਾਲੂਆਂ ਦੇ ਆਉਣ ਦੀ ਗਿਣਤੀ 'ਚ ਕਾਫ਼ੀ ਕਮੀ ਸੀ ਪਰ ਕਿਤੇ ਵੀ ਉਨ੍ਹਾਂ ਲੋਕਾਂ 'ਚ ਆਸਥਾ ਦੀ ਕਮੀ ਨਜ਼ਰ ਨਹੀਂ ਆਈ।


shivani attri

Content Editor

Related News