5 ਤੱਕ ਮੁਕੰਮਲ ਹੋਣਗੇ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਸਮਾਗਮਾਂ ਦੇ ਪ੍ਰਬੰਧ

11/03/2019 9:22:02 AM

ਗੁਰਦਾਸਪੁਰ—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀਆਂ ਤਿਆਰੀਆਂ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿਸ ਤਹਿਤ ਸਾਰੀਆਂ ਤਿਆਰੀਆਂ 5 ਨਵੰਬਰ ਤੱਕ ਮੁਕੰਮਲ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਤੋਂ ਬਾਅਦ 8 ਨਵੰਬਰ ਤੋਂ ਇਸ ਇਤਿਹਾਸਕ ਅਤੇ ਪਵਿੱਤਰ ਧਰਤੀ 'ਤੇ ਸਮਾਗਮ ਸ਼ੁਰੂ ਹੋ ਜਾਣਗੇ। ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਕੇ. ਸ਼ਿਵਾ ਪ੍ਰਸਾਦ ਮੁੱਖ ਸੈਕਟਰੀ ਟਰਾਂਸਪੋਰਟ ਵਿਭਾਗ ਪੰਜਾਬ ਨੇ ਵੀ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਵੀ ਮੌਜੂਦ ਸਨ। ਮੀਟਿੰਗ ਦੌਰਾਨ ਕੇ. ਸ਼ਿਵਾ ਪ੍ਰਸਾਦ ਨੇ ਉਨ੍ਹਾਂ ਨੂੰ ਟੈਂਟ ਸਿਟੀ, ਪੰਡਾਲ, ਪਾਰਕਿੰਗ, ਲੰਗਰ ਕਮੇਟੀਆਂ, ਸੁਰੱਖਿਆ, ਕਰਤਾਰਪੁਰ ਕਾਰੀਡੋਰ ਆਦਿ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਪੂਰੀਆਂ ਕਰਨ ਲਈ ਕਿਹਾ। ਇਸ ਮੌਕੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕੇ. ਸ਼ਿਵਾ ਮੁੱਖ ਸੈਕਟਰੀ ਟਰਾਂਸਪੋਰਟ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਦੀ ਸਹੂਲਤ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਮਹਾਨ ਸਮਾਗਮ ਨੂੰ ਸਫਲ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਟੈਂਟ ਸਿਟੀ ਦੇ ਪ੍ਰਬੰਧ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੈਂਟ ਸਿਟੀ ਵਿਚ 3500 ਸ਼ਰਧਾਲੂਆਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਸੰਗਤਾਂ ਨੂੰ ਠਹਿਰਣ, ਲੰਗਰ ਅਤੇ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਟੈਂਟ ਸਿਟੀ ਵਿਚ 544 ਟੈਂਟ 6-6 ਵਿਅਕਤੀਆਂ ਦੇ ਰਹਿਣ ਲਈ, 100 ਟੈਂਟ 2-2 ਵਿਅਕਤੀਆਂ ਦੇ ਰਹਿਣ ਲਈ ਅਤੇ 20 ਟੈਂਟ 4-4 ਵਿਅਕਤੀਆਂ ਦੇ ਰਹਿਣ ਲਈ ਬਣਾਏ ਗਏ ਹਨ। ਟੈਂਟ ਸਿਟੀ ਵਿਚ 3544 ਟਾਇਲਟਸ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 3 ਨਵੰਬਰ ਤੱਕ ਟੈਂਟ ਸਿਟੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ, ਜਿਸ ਤੋਂ ਬਾਅਦ ਆਨਲਾਈਨ ਅਤੇ ਆਫਲਾਈਨ ਬੁਕਿੰਗ ਸ਼ੁਰੂ ਹੋ ਜਾਵੇਗੀ।
ਪੰਡਾਲ ਦੀਆਂ ਤਿਆਰੀਆਂ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਡਾਲ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ 5 ਨਵੰਬਰ ਤੱਕ ਤਿਆਰੀਆਂ ਮੁਕੰਮਲ ਕਰ ਲਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 8 ਤੋਂ 11 ਨਵੰਬਰ ਤੱਕ 'ਡੇਰਾ ਬਾਬਾ ਨਾਨਕ ਉਤਸਵ' ਮਨਾਇਆ ਜਾਵੇਗਾ, ਜਿਸ ਵਿਚ ਗੁਰੂ ਨਾਨਕ ਲਿਟਰੇਚਰ ਫੈਸਟੀਵਲ, ਗੁਰੂ ਨਾਨਕ ਯੂਥ ਐਂਡ ਫਿਲਮ ਫੈਸਟੀਵਲ, ਗੁਰੂ ਨਾਨਕ ਆਰਟਸ ਫੈਸਟੀਵਲ ਅਤੇ ਸਰਬ ਭਾਰਤੀ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਦਾ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਗੁਰਮਤਿ ਵਿਚਾਰਾਂ, ਕਥਾਵਾਚਕ, ਢਾਡੀ ਦਰਬਾਰ, ਕਵੀਸ਼ਰੀ, ਕੀਰਤਨ ਦਰਬਾਰ ਆਦਿ ਲੱਗਣਗੇ।
ਵਾਹਨਾਂ ਲਈ ਬਣਾਈਆਂ 5 ਪਾਰਕਿੰਗਾਂ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ 5 ਪਾਰਕਿੰਗਾਂ ਸ਼ਹਿਰ ਦੇ ਬਾਹਰਵਾਰ ਅਤੇ 1 ਪਾਰਕਿੰਗ ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿਖੇ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ 5 ਪਾਰਕਿੰਗਾਂ ਵਿਚ ਸੰਗਤਾਂ ਦੀ ਸਹੂਲਤ ਲਈ ਕਰੀਬ 50 ਬੱਸਾਂ ਲਾਈਆਂ ਜਾਣਗੀਆਂ ਜੋ ਸੰਗਤਾਂ ਨੂੰ ਸ਼ਹਿਰ ਦੇ ਅੰਦਰ ਦਾਣਾ ਮੰਡੀ ਪਾਰਕਿੰਗ ਵਿਚ ਲਿਆਉਣਗੀਆਂ ਅਤੇ ਵਾਪਸ ਲੈ ਕੇ ਜਾਣਗੀਆਂ। ਉਨ੍ਹਾਂ ਦੱਸਿਆ ਕਿ ਬਟਾਲਾ, ਕਲਾਨੌਰ, ਫਤਿਹਗੜ੍ਹ ਚੂੜੀਆਂ ਅਤੇ ਰਮਦਾਸ ਤੋਂ ਆਉਣ ਵਾਲੀਆਂ ਸੰਗਤਾਂ ਲਈ ਸ਼ਹਿਰ ਤੋਂ ਪਹਿਲਾਂ ਇਹ 5 ਪਾਰਕਿੰਗਾਂ ਬਣਾਈਆਂ ਗਈਆਂ ਹਨ ਤਾਂ ਜੋ ਸ਼ਹਿਰ ਅੰਦਰ ਆਵਾਜਾਈ ਸੁਖਾਲੀ ਰਹੇ।
ਹੈਲਪ ਡੈਸਕ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਪਾਰਕਿੰਗਾਂ ਵਿਚ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਹੈਲਪ ਡੈਸਕ ਵਿਚ ਤਾਇਨਾਤ ਪੁਲਸ, ਜੀ. ਓ. ਜੀ. ਅਤੇ ਵਾਲੰਟੀਅਰਜ਼ ਸੰਗਤਾਂ ਨੂੰ ਸਮਾਗਮਾਂ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਦੇਣਗੇ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
9 ਸੈਕਟਰਾਂ 'ਚ ਵੰਡਿਆ ਡੇਰਾ ਬਾਬਾ ਨਾਨਕ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਡੇਰਾ ਬਾਬਾ ਨਾਨਕ ਨੂੰ 9 ਸੈਕਟਰਾਂ ਵਿਚ ਵੰਡਿਆ ਗਿਆ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਉਨ੍ਹਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾ ਸਕੇ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸਕੱਤਰ ਸਿੰਘ ਬੱਲ ਐੱਸ. ਡੀ. ਐੱਮ. ਗੁਰਦਾਸਪੁਰ, ਰਮਨ ਕੁਮਾਰ ਕੋਛੜ ਸਹਾਇਕ ਕਮਿਸ਼ਨਰ (ਜ)-ਕਮ- ਐੱਸ. ਡੀ. ਐੱਮ. ਦੀਨਾਨਗਰ, ਗੁਰਸਿਮਰਨ ਸਿੰਘ ਢਿੱਲੋਂ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ, ਮੈਡਮ ਅਮਨਦੀਪ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਰਾਜਵਿੰਦਰ ਕੌਰ ਬਾਜਵਾ ਏ. ਈ. ਟੀ. ਸੀ., ਕੁਲਦੀਪ ਸਿੰਘ ਤਹਿਸੀਲਦਾਰ, ਨਵਕਿਰਤ ਸਿੰਘ ਨਾਇਬ ਤਹਿਸੀਲਦਾਰ, ਬਲਦੇਵ ਸਿੰਘ ਰੰਧਾਵਾ, ਆਰ. ਟੀ. ਏ. ਐਕਸੀਅਨ ਮੋਹਤਮ ਸਿੰਘ, ਡਾ. ਕਿਸ਼ਨ ਚੰਦ ਸਿਵਲ ਸਰਜਨ, ਅਸ਼ੋਕ ਕੁਮਾਰ ਜ਼ਿਲਾ ਖੋਜ ਅਫਸਰ, ਲਖਵਿੰਦਰ ਸਿੰਘ ਡਿਪਟੀ ਡੀ. ਈ. ਓ. (ਸ), ਸੰਜੀਵ ਮੰਨਣ ਜ਼ਿਲਾ ਭਲਾਈ ਅਫਸਰ ਆਦਿ ਹਾਜ਼ਰ ਸਨ।


Aarti dhillon

Content Editor

Related News