ਮਠਿਆਈ ਦੀਆਂ ਦੁਕਾਨਾਂ ਤੋਂ ਛਾਪੇਮਾਰੀ ਦੌਰਾਨ ਨਾ ਖਾਣਯੋਗ ਵਸਤੂਆਂ ਕੀਤੀਆਂ ਗਈਆਂ ਨਸ਼ਟ

08/24/2018 9:34:44 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)-ਜ਼ਿਲਾ ਤਰਨਤਾਰਨ ਦੇ ਸਹਾਇਕ ਕਮਿਸ਼ਨਰ ਫੂਡ ਜੀ.ਐੱਸ.ਪਨੂੰ ਦੀ ਅਗਵਾਈ ਹੇਠ ਗਠਤ ਟੀਮ ਵੱਲੋਂ ਸ਼ੁੱਕਰਵਾਰ ਨੂੰ ਕਸਬਾ ਝਬਾਲ ਸਥਿਤ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਜੀ.ਐੱਸ.ਪਨੂੰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੁੱਧ, ਪਨੀਰ, ਘਿਓ, ਦਹੀਂ ਅਤੇ ਦੁੱਧ ਤੋਂ ਤਿਆਰ ਕਰਨ ਵਾਲੀਆਂ ਵਸਤੂਆਂ ਨੂੰ ਚੈੱਕ ਕਰਦਿਆਂ ਕਸਬੇ ਅੰਦਰ ਮਠਿਆਈ ਅਤੇ ਬੇਕਰੀ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਉਕਤ ਦੁਕਾਨਾਂ ਵਾਲਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਦੁੱਧ ਤੋਂ ਤਿਆਰ ਹੋਣ ਵਾਲੀਆਂ ਉਕਤ ਵਸਤੂਆਂ ਦੀ ਗੁਣਵਣਤਾ ਨੂੰ ਧਿਆਨ 'ਚ ਰੱਖਦਿਆਂ ਚੰਗੇ ਦੁੱਧ ਦੀ ਖਰੀਦ ਕੀਤੀ ਜਾਵੇ ਅਤੇ ਗੂੜੇ ਰੰਗਾਂ ਨਾਲ ਮਿਠਿਆਈਆਂ ਆਦਿ ਤਿਆਰ ਨਾ ਕੀਤੀਆਂ ਜਾਣ। ਉਨ੍ਹਾਂ ਨੇ ਹਲਵਾਈਆਂ ਨੂੰ ਗੁਲਾਬੀ ਰੰਗ ਵਾਲੀਆਂ ਮਿਠਿਆਈਆਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੀਆਂ ਹਦਾਇਤਾਂ ਜ਼ਾਰੀ ਕਰਦਿਆਂ ਕਿਹਾ ਕਿ ਇਹ ਰੰਗ ਮਨੁੱਖੀ ਸਿਹਤ ਲਈ ਹਾਨੀਕਾਰਕ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਲ ਇੰਡੀਆ ਐਂਟੀ ਕਰਪਸ਼ਨ ਮੋਰਚਾ ਦਾ ਮਾਝਾ ਜੋਨ ਦੇ ਚੇਅਰਮੈਨ ਸਾਗਰ ਸ਼ਰਮਾ ਦੀ ਸ਼ਿਕਾਇਤ 'ਤੇ ਨਿਊ ਸਤਿਅਮ ਬੇਕਰੀ ਤਰਨਤਾਰਨ ਰੋਡ ਅੱਡਾ ਝਬਾਲ ਦੀ ਚੈਕਿੰਗ ਵੀ ਕੀਤੀ ਗਈ ਹੈ ਅਤੇ ਇਸ ਬੇਕਰੀ ਤੋਂ ਕੇਕ ਪੇਸਟੀਆਂ ਅਤੇ ਮੱਠੀਆਂ ਦੇ ਸੈਂਪਲ ਵੀ ਸੀਲ ਕੀਤੇ ਗਏ ਹਨ। ਉਨ੍ਹਾਂ ਨੇ ਰੱਖੜੀ ਦੇ ਤਿਉਹਾਰ ਮੌਕੇ ਮਿਲਾਵਟੀ, ਘਟੀਆ ਕਿਸਮ ਅਤੇ ਸਿੰਥੈਟਿਕ ਮਿਠਿਆਈਆਂ ਤੋਂ ਲੋਕਾਂ ਨੂੰ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਦੁਕਾਨਦਾਰਾਂ ਨੂੰ ਸ਼ੁੱਧ ਅਤੇ ਸਾਫ਼ ਸੁੱਥਰਾ ਸਮਾਨ ਵੇਚਣ ਦੀਆਂ ਹਦਾਇਤਾਂ ਕੀਤੀਆਂ। ਇਸ ਮੌਕੇ ਟੀਮ 'ਚ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਸਮੇਤ ਹੋਰ ਵੀ ਕਰਮਚਾਰੀ ਹਾਜ਼ਰ ਸਨ।


Related News