ਟਰੱਸਟ ਅਤੇ ਕੌਂਸਲ ਨੇ ਇਕ-ਦੂਜੇ ''ਤੇ ਸੁੱਟੀ ਸਫਾਈ ਦੀ ਜ਼ਿੰਮੇਵਾਰੀ

Sunday, Apr 22, 2018 - 09:08 AM (IST)

ਟਰੱਸਟ ਅਤੇ ਕੌਂਸਲ ਨੇ ਇਕ-ਦੂਜੇ ''ਤੇ ਸੁੱਟੀ ਸਫਾਈ ਦੀ ਜ਼ਿੰਮੇਵਾਰੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਇਕ ਪਾਸੇ ਸਰਕਾਰਾਂ ਨੇ ਸਵੱਛ ਭਾਰਤ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਦੂਜੇ ਪਾਸੇ ਸ਼ਹਿਰ ਵਾਸੀ ਸਫਾਈ ਨੂੰ ਲੈ ਕੇ ਵੱਖ-ਵੱਖ ਦਫ਼ਤਰਾਂ ਵਿਚ ਅਧਿਕਾਰੀਆਂ ਦੇ ਅੱਗੇ ਸਫਾਈ ਕਰਵਾਉਣ ਦੀ ਗੁਹਾਰ ਲਾ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ, ਜਿਸ ਦੇ ਰੋਸ ਵਜੋਂ ਪ੍ਰੇਮ ਪ੍ਰਧਾਨ ਮਾਰਕੀਟ ਦੇ ਦੁਕਾਨਦਾਰਾਂ ਨੇ ਜ਼ਿਲਾ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 
ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਉਪ ਪ੍ਰਧਾਨ ਸ਼ੀਸ਼ਨ ਬਾਂਸਲ ਨੇ ਕਿਹਾ ਕਿ ਦੁਕਾਨਦਾਰਾਂ ਨੇ ਕਰੋੜਾਂ ਰੁਪਏ ਲਾ ਕੇ ਪ੍ਰੇਮ ਪ੍ਰਧਾਨ ਮਾਰਕੀਟ ਵਿਚ ਨਗਰ ਸੁਧਾਰ ਟਰੱਸਟ ਤੋਂ ਦੁਕਾਨਾਂ ਖਰੀਦੀਆਂ ਸਨ ਪਰ ਹੁਣ ਨਗਰ ਸੁਧਾਰ ਟਰੱਸਟ ਵੱਲੋਂ ਇਸ ਇਲਾਕੇ ਦੀ ਸਫਾਈ ਨਹੀਂ ਕਰਵਾਈ ਜਾ ਰਹੀ। ਜਦੋਂ ਅਸੀਂ ਟਰੱਸਟ ਦੇ ਅਧਿਕਾਰੀਆਂ ਨੂੰ ਮਿਲਦੇ ਹਾਂ ਤਾਂ ਉਹ ਕਹਿ ਦਿੰਦੇ ਹਨ ਕਿ ਇਸਦੀ ਸਫਾਈ ਨਗਰ ਕੌਂਸਲ ਕਰਵਾਵੇਗੀ। ਨਗਰ ਕੌਂਸਲ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਕੰਮ ਤਾਂ ਨਗਰ ਸੁਧਾਰ ਟਰੱਸਟ ਦਾ ਹੈ। ਇਸ ਸਬੰਧ ਵਿਚ ਅਸੀਂ ਡੀ. ਸੀ. ਬਰਨਾਲਾ ਅਤੇ ਐੱਸ. ਡੀ. ਐੱਮ. ਬਰਨਾਲਾ ਨੂੰ ਵੀ ਗੁਹਾਰ ਲਾ ਚੁੱਕੇ ਹਨ ਪਰ ਅਜੇ ਤੱਕ ਇਥੇ ਕੋਈ ਸਫਾਈ ਨਹੀਂ ਹੋਈ। ਕੂੜੇ ਦੇ ਇਥੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਬਦਬੂ ਕਾਰਨ ਸਾਡਾ ਤਾਂ ਦੁਕਾਨਾਂ ਵਿਚ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਹਰ ਸਮੇਂ ਬੀਮਾਰੀ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਜੇਕਰ ਜ਼ਿਲਾ ਪ੍ਰਸ਼ਾਸਨ ਨੇ ਸਾਡੀ ਮੰਗ ਨਹੀਂ ਸੁਣੀ ਤਾਂ ਮਜਬੂਰ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨਾ ਪਵੇਗਾ।  
ਕੀ ਕਹਿੰਦੇ ਹਨ ਅਧਿਕਾਰੀ 
ਜਦੋਂ ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਈ. ਓ. ਰਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੇ ਉਥੇ ਡੰਪ ਨਹੀਂ ਰੱਖਿਆ ਹੋਇਆ, ਜਿਸ ਕਾਰਨ ਕੂੜਾ ਸੜਕ 'ਤੇ ਖਿੱਲਰਿਆ ਰਹਿੰਦਾ ਹੈ। 
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਭੱਟੀ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਇਲਾਕਾ ਨਗਰ ਸੁਧਾਰ ਟਰੱਸਟ ਅਧੀਨ ਆਉਂਦਾ ਹੈ। ਉਨ੍ਹਾਂ ਨੇ ਹੀ ਇਥੇ ਸਫਾਈ ਕਰਵਾਉਣੀ ਹੈ।


Related News