ਡਿਲਿਵਰੀ ਸਮੇਂ ਮਾਵਾਂ ਨੂੰ ਦਿੱਤੀ ਜਾਂਦੀ ਖ਼ੁਰਾਕ 'ਚ ਵੱਡਾ ਘਪਲਾ ਹੋਣ ਦਾ ਸ਼ੱਕ

11/09/2020 3:57:28 PM

ਤਪਾ ਮੰਡੀ (ਸ਼ਾਮ, ਗਰਗ) : ਸਰਕਾਰਾਂ ਦੇਸ਼ ਦੇ ਨਾਗਰਿਕ ਲਈ ਬਹੁਤ ਸਕੀਮਾਂ ਤਿਆਰ ਕਰਦੀਆਂ ਹਨ ਤਾਂਕਿ ਲੋੜਵੰਦ ਵਿਅਕਤੀ ਨੂੰ ਲਾਭ ਮਿਲ ਸਕੇ ਪਰ ਉਨ੍ਹਾਂ ਸਕੀਮਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਸਕੀਮਾਂ ਅਧਿਕਾਰੀਆਂ ਦੀਆਂ ਜੇਬਾਂ 'ਚ ਚਲੀਆਂ ਜਾਂਦੀਆਂ ਹਨ। ਅਜਿਹੀ ਹੀ ਇਕ ਸਕੀਮ ਦਾ ਖ਼ੁਲਾਸਾ ਆਰ. ਟੀ. ਆਈ ਕਾਰਕੁੰਨ ਸੱਤ ਪਾਲ ਗੋਇਲ ਵਲੋਂ ਕੀਤਾ ਗਿਆ ਹੈ। ਸਰਕਾਰੀ ਹਸਪਤਾਲਾਂ 'ਚ ਡਿਲਿਵਰੀ ਕਰਵਾਉਣ ਵਾਲੀਆਂ ਔਰਤਾਂ ਲਈ ਸਰਕਾਰ ਨੇ ਇਕ ਸਕੀਮ ਲਾਗੂ ਕੀਤੀ ਹੋਈ ਹੈ, ਜਿਸ ਦਾ ਨਾਂ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਹੈ, ਜਿਸ ਦਾ ਉਨ੍ਹਾਂ ਖ਼ੁਲਾਸਾ ਕਰਦਿਆਂ ਦੱਸਿਆ ਕਿ ਸਕੀਮ ਅਧੀਨ ਨਾਰਮਲ ਡਿਲਿਵਰੀ ਔਰਤਾਂ ਨੂੰ ਤਿੰਨ ਦਿਨ ਅੰਦਰ ਹਸਪਤਾਲ 'ਚ ਦਾਖਲ ਹੋਣ 'ਤੇ ਪ੍ਰਤੀ ਦਿਨ 100 ਰੁਪਏ ਦੇ ਹਿਸਾਬ ਨਾਲ ਖਾਣਾ ਦਿੱਤਾ ਜਾਂਦਾ ਹੈ ਜਦਕਿ ਸੀਜੇਰੀਅਨ ਆਪ੍ਰੇਸ਼ਨ ਵਾਲੀਆਂ ਔਰਤਾਂ ਨੂੰ ਹਸਪਤਾਲ 'ਚ ਦਾਖਲ ਰਹਿਣ 'ਤੇ 7 ਦਿਨ ਖਾਣਾ ਦਿੱਤਾ ਜਾਂਦਾ ਹੈ ਅਤੇ 100 ਰੁਪਏ ਦੇ ਹਿਸਾਬ ਨਾਲ ਪ੍ਰਤੀ ਦਿਨ ਦਿੱਤਾ ਜਾਂਦਾ ਹੈ। ਇਸ ਦੀ ਜਾਣਕਾਰੀ ਲਈ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਾਲ ਤਪਾ ਤੋਂ ਮੰਗੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਪੱਤਰ ਨੰਬਰ 2391, 4 ਨਵੰਬਰ 2020 ਅਧੀਨ ਪ੍ਰਾਪਤ ਜਾਣਕਾਰੀ ਅਨੁਸਾਰ 1-1-2015 ਤੋਂ 31-12-2019 ਤੱਕ ਕੁਲ 1132 ਬੱਚੇ ਪੈਦਾ ਹੋਏ ਹਨ, ਜਿਨ੍ਹਾਂ 'ਚੋਂ 549 ਬੱਚੇ ਨਾਰਮਲ ਡਿਲਿਵਰੀ ਅਧੀਨ ਪੈਦਾ ਹੋਏ ਹਨ ਅਤੇ 547 ਲੜਕੀਆਂ ਪੈਦਾ ਹੋਈਆ ਹਨ ਅਤੇ 161 ਬੱਚੇ ਸੀਜੇਰੀਅਨ ਕੇਸ ਨਾਲ ਪੈਦਾ ਹੋਏ ਹਨ। ਜਨਨੀ ਸ਼ਿਸੂ ਯੋਜਨਾ ਅਧੀਨ 1 ਅਪ੍ਰੈਲ 2018 ਤੋਂ 31 ਮਾਰਚ 2020 ਤੱਕ ਖਾਣੇ 'ਤੇ 2ਲੱਖ 15ਹਜ਼ਾਰ 216 ਰੁਪਏ ਖ਼ਰਚ ਹੋਏ ਹਨ। ਖ਼ਰਚ ਕਰਨ ਦਾ ਠੇਕਾ ਮਲਕੀਤ ਕੌਰ, ਦਿਆਵੰਤੀ, ਪੂਜਾ ਦੇਵੀ, ਸਵਿੱਤਰੀ ਦੇਵੀ ਅਤੇ ਕੁਲਵਿੰਦਰ ਕੌਰ ਨੂੰ ਦਿੱਤਾ ਗਿਆ ਹੈ। ਆਰ. ਟੀ. ਆਈ. ਕਾਰਕੁੰਨ ਅਨੁਸਾਰ ਖਾਣੇ ਦੇ ਮੀਨੂੰ ਅਨੁਸਾਰ ਸਵੇਰੇ ਇੱਕ ਕੱਪ ਚਾਹ, ਨਾਸ਼ਤੇ 'ਚ ਦਲੀਆ, ਸੈਂਡਵਿਚ, 250 ਗ੍ਰਾਮ ਦੁੱਧ ਅਤੇ ਸੀਜਨਲ ਫਰੂਟ, ਮਿਡ ਮਾਰਨਿੰਗ 'ਚ ਗਰਮ ਦੁੱਧ ਅਤੇ 2 ਬਿਸਕੁੱਟ, ਲੰਚ 'ਚ ਦਾਲ, ਸਬਜੀ, ਰਾਇਤਾ, ਚਪਾਤੀ ਜਾਂ ਚਾਵਲ, ਸਲਾਦ, ਸ਼ਾਮ ਦੀ ਚਾਹ 'ਚ 250 ਗ੍ਰਾਮ ਦੁੱਧ ਜਾਂ ਚਾਹ, ਪੰਜੀਰੀ ਜਾਂ 2 ਬਿਸਕੁੱਟ, ਰਾਤ ਦੇ ਖਾਣੇ 'ਚ 100 ਗ੍ਰਾਮ ਪਨੀਰ, ਦਾਲ-ਰੋਟੀ, ਚਾਵਲ ਅਤੇ ਸਵੀਟ ਡਿੱਸ਼ ਦੇਣੀ ਹੁੰਦੀ ਹੈ। 

ਇਹ ਵੀ ਪੜ੍ਹੋ : 'ਆਪ' ਦੀ ਮੰਗ , ਗੁੰਮ ਹੋਏ ਸਰੂਪਾਂ ਦੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਸਿੱਖ ਜੱਜਾਂ ਤੋਂ ਕਰਵਾਈ ਜਾਵੇ

ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਖਾਣਾ ਸਪਲਾਈ ਕਰਨ ਦਾ ਠੇਕਾ ਦਿੱਤਾ ਹੋਇਆ ਹੈ ਕੀ ਇਹ ਔਰਤਾਂ ਇਹ ਸਭ ਕੁਝ ਡਿਲਿਵਰੀ ਵਾਲੀਆਂ ਔਰਤਾਂ ਨੂੰ ਸਪਲਾਈ ਕਰਦੀਆਂ ਹਨ ਜਾਂ ਫਿਰ ਕਾਗਜ਼ਾਂ 'ਚ ਹੀ ਦਰਸਾਇਆਂ ਜਾਂਦਾ ਹੈ। ਇਹ ਪੂਰੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਸਿਹਤ ਮਹਿਕਮੇ ਪੰਜਾਬ ਤੋਂ ਮੰਗ ਕੀਤੀ ਹੈ ਕਿ ਅਜਿਹੀ ਯੋਜਨਾ ਬਾਰੇ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾਵੇ ਜਾਂ ਡਿਲਿਵਰੀ ਵਾਲੀਆਂ ਔਰਤਾਂ ਜਾਂ ਉਨ੍ਹਾਂ ਦੇ ਕੇਅਰ ਟੇਕਰ ਤੋਂ ਜਾਣਕਾਰੀ ਲੈ ਕੇ ਅਜਿਹੇ ਲਾਭਪਾਤਰੀਆਂ ਨੂੰ ਇਸ ਦਾ ਪੂਰਾ ਲਾਭ ਮਿਲ ਸਕੇ। ਜਦ ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਔਲਖ ਨਾਲ ਉਕਤ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਿਲਿਵਰੀ ਸਮੇਂ ਪੈਦਾ ਹੋਏ ਬੱਚਿਆਂ ਦੀਆਂ ਮਾਵਾਂ ਨੂੰ ਸਰਕਾਰ ਵੱਲੋਂ ਭੇਜੀ ਜਾਂਦੀ ਗ੍ਰਾਂਟ ਦਾ ਸਹੀ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ਦੇ ਰਹਿਣ ਵਾਲੇ 30 ਸਾਲਾ ਵਿਅਕਤੀ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ


Anuradha

Content Editor

Related News