ਲੋਕ ਸਭਾ 'ਚ ਗਰਜੇ ਸੁਸ਼ੀਲ ਰਿੰਕੂ, ਚੁੱਕਿਆ ਪੰਜਾਬ ਦੇ ਫੰਡਾਂ ਨੂੰ ਕੇਂਦਰ ਵੱਲੋਂ ਰੋਕਣ ਦਾ ਮੁੱਦਾ
Wednesday, Dec 13, 2023 - 11:27 AM (IST)
ਜਲੰਧਰ (ਧਵਨ)- ਰਾਜ ਸਭਾ ਦੇ ਬਾਅਦ ਆਮ ਆਦਮੀ ਪਾਰਟੀ ਮੰਗਲਵਾਰ ਲੋਕ ਸਭਾ ’ਚ ਵੀ ਪੰਜਾਬ ਤੋਂ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭੇਦਭਾਵ ਦਾ ਮਾਮਲਾ ਉਠਾਉਂਦੇ ਹੋਏ ਕੇਂਦਰ ਨੂੰ ਤੁਰੰਤ ਸੂਬੇ ਦਾ ਬਕਾਇਆ 8000 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਹੈ। ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਬੀਤੇ ਦਿਨ ਲੋਕ ਸਭਾ ’ਚ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਦਿਹਾਤੀ ਵਿਕਾਸ ਫੰਡ ਦਾ 537 ਕਰੋੜ ਰੁਪਏ ਰੋਕੇ ਗਏ ਹਨ, ਜਿਸ ਨਾਲ ਦਿਹਾਤੀ ਖੇਤਰਾਂ ’ਚ ਸੜਕਾਂ ਦਾ ਨਿਰਮਾਣ ਕਾਰਜ ਰੁਕਿਆ ਪਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਲੰਧਰ ਸੰਸਦੀ ਖੇਤਰ ’ਚ ਪੈਂਦੇ ਆਦਮਪੁਰ, ਫਿਲੌਰ, ਸ਼ਾਹਕੋਟ, ਕਰਤਾਰਪੁਰ ਇਲਾਕਿਆਂ ’ਚ ਦਿਹਾਤੀ ਇਲਾਕਿਆਂ ’ਚ ਸੜਕਾਂ ਨਹੀਂ ਬਣ ਸਕੀਆਂ ਕਿਉਂਕਿ ਕੇਂਦਰ ਵੱਲੋਂ ਫੰਡ ਦੀ ਰਾਸ਼ੀ ਰਿਲੀਜ਼ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨੈਸ਼ਨਲ ਹੈਲਥ ਮਿਸ਼ਨ ਦਾ 621 ਕਰੋੜ ਰੁਪਏ ਕੇਂਦਰ ਨੇ ਰੋਕ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਮੁਹੱਲਾ ਕਲੀਨਿਕਾਂ ’ਤੇ ਖਰਚ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇਸ ਸਮੇਂ 660 ਤੋਂ ਵੱਧ ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ’ਚ ਰੋਗੀਆਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਮੁਫ਼ਤ ਟੈਸਟ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਦਰਦਨਾਕ ਮੌਤ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਆਪਣੇ ਪੱਧਰ ’ਤੇ ਵਧਾ ਰਹੀ ਹੈ ਪਰ ਕੇਂਦਰ ਤੋਂ ਫੰਡ ਨਾ ਮਿਲਣ ਕਾਰਨ ਕਈ ਖੇਤਰਾਂ ’ਚ ਵਿਕਾਸ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਮ. ਡੀ. ਐੱਫ਼. ਦਾ ਵੀ 850 ਕਰੋੜ ਰੁਪਏ ਰੁਕਿਆ ਪਿਆ ਹੈ। ਇਸੇ ਤਰ੍ਹਾਂ ਵਿਸ਼ੇਸ਼ ਸਹਾਇਤਾ ਰਾਸ਼ੀ ਦਾ ਲਗਭਗ 1800 ਕਰੋੜ ਰੁਪਏ ਰੁਕਿਆ ਪਿਆ ਹੈ। ਜੇ ਕੁਲ ਰਾਸ਼ੀ ਵੇਖੀ ਜਾਵੇ ਤਾਂ 8000 ਕਰੋੜ ਤੋਂ ਵੱਧ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਰਾਸ਼ੀ ਪੰਜਾਬ ਨੂੰ ਮਿਲ ਜਾਵੇ ਤਾਂ ਵਿਕਾਸ ਕਾਰਜਾਂ ’ਚ ਤੇਜ਼ੀ ਆ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ ਸੌਤੇਲੀ ਮਾਂ ਦਾ ਵਿਹਾਰ ਬੰਦ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੀ ਪਹਿਲੀ ਪਸੰਦ ਬਣ ਰਿਹੈ ਮਧੂਮੱਖੀ ਪਾਲਣ ਦਾ ਕਿੱਤਾ, ਇੰਝ ਹੋ ਰਹੀ ਮੋਟੀ ਕਮਾਈ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।