ਸੁਰਜੇਵਾਲਾ ਦੇ ਤਿੰਨ ਮੁੱਖ ਮੰਤਰੀਆਂ ਵਾਲੇ ਬਿਆਨ ਨੇ ਕਾਂਗਰਸ ਦੀ ਨੀਅਤ ਦੀ ਖੋਲ੍ਹੀ ਪੋਲ : ਰਾਘਵ ਚੱਢਾ

Sunday, Jan 09, 2022 - 08:45 PM (IST)

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਆਗੂ ਅਤੇ ਰਾਹੁਲ ਗਾਂਧੀ ਦੇ ਕਰੀਬੀ ਰਣਦੀਪ ਸੁਰਜੇਵਾਲਾ ਦੇ ਪੰਜਾਬ ’ਚ ਮੁੱਖ ਮੰਤਰੀ ਦੇ ਅਹੁਦੇ ਲਈ ਤਿੰਨ ਚਿਹਰੇ ਸੁਨੀਲ ਜਾਖੜ, ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੇ ਬਿਆਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਇੰਨੇ ਦਿਨਾਂ ’ਚ ਮੁੱਖ ਮੰਤਰੀ ਦੇ ਚਿਹਰੇ ’ਤੇ ਕੋਈ ਫੈਸਲਾ ਨਹੀਂ ਲੈ ਸਕੀ, ਉਹ ਪੰਜਾਬ ਨੂੰ ਸਥਿਰ ਸਰਕਾਰ ਦੇਣ ਦਾ ਦਾਅਵਾ ਕਿਵੇਂ ਕਰ ਸਕਦੀ ਹੈ। ਸੁਰਜੇਵਾਲਾ ਦੇ ਇਸ ਬਿਆਨ ਨਾਲ ਕਾਂਗਰਸ ਦੀ ਨੀਅਤ ਦੀ ਪੋਲ ਖੁੱਲ੍ਹ ਚੁੱਕੀ ਹੈ। ਐਤਵਾਰ ਨੂੰ ਇਕ ਡਿਜੀਟਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਚੰਨੀ ਨੂੰ ‘ਯੂਜ਼ ਐਂਡ ਥ੍ਰੋ’ ਦੀ ਆਪਣੀ ਨੀਤੀ ਤਹਿਤ ‘ਨਾਈਟ ਵਾਚਮੈਨ’ (ਚੌਕੀਦਾਰ) ਦੀ ਤਰ੍ਹਾਂ ਇਸਤੇਮਾਲ ਕੀਤਾ ਹੈ।

ਇਹ ਵੀ ਪੜ੍ਹੋ : PM ਮੋਦੀ ਦੇ ‘ਵੀਰ ਬਾਲ ਦਿਵਸ’ ਦੇ ਐਲਾਨ ’ਤੇ SGPC ਪ੍ਰਧਾਨ ਧਾਮੀ ਨੇ ਜਤਾਇਆ ਇਤਰਾਜ਼ (ਵੀਡੀਓ)

ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਐੱਸ. ਸੀ. ਸਮਾਜ ਤੋਂ ਹਨ, ਇਸ ਲਈ ਕਾਂਗਰਸ ਨੇ ਚੰਨੀ ਨੂੰ ਐੱਸ. ਸੀ. ਭਾਈਚਾਰੇ ਦੀਆਂ ਵੋਟਾਂ ਲੈਣ ਲਈ ਵਰਤਿਆ ਹੈ। ਕਾਂਗਰਸ ਦੀ ਨੀਅਤ ਦਲਿਤਾਂ ਦਾ ਵਿਕਾਸ ਨਹੀਂ ਸਗੋਂ ਉਨ੍ਹਾਂ ਦੀਆਂ ਵੋਟਾਂ ਲੈਣ ਦੀ ਹੈ। ਇਹ ਐੱਸ. ਸੀ. ਸਮਾਜ ਨਾਲ ਸਿੱਧੇ ਤੌਰ ’ਤੇ ਧੋਖਾ ਹੈ। ਚੱਢਾ ਨੇ ਕਿਹਾ ਕਿ ਆਪਸੀ ਫੁੱਟ ਕਾਰਨ ਕਾਂਗਰਸ ਪਾਰਟੀ ਅੰਦਰੋਂ ਖੋਖਲੀ ਹੋ ਚੁੱਕੀ ਹੈ। ਸਾਰੇ ਕਾਂਗਰਸੀ ਆਗੂ ਕੁਰਸੀ ਲਈ ਆਪਸ ’ਚ ਲੜ ਰਹੇ ਹਨ, ਜਿਸ ਦਾ ਖ਼ਮਿਆਜ਼ਾ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੀ ਆਪਸ ’ਚ ਹੀ ਨਹੀਂ ਬਣਦੀ ਤਾਂ ਇਹ ਸਰਕਾਰ ਕਿਵੇਂ ਚਲਾਉਣਗੇ। ਕਾਂਗਰਸ ਦੇ ਆਪਸੀ ਕਲੇਸ਼ ਨੇ ਪਾਰਟੀ ਨੂੰ ‘ਮੈਡ ਫਾਈਟ ਹਾਊਸ’ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : 'ਆਪ' ਵੱਲੋਂ ਵਿਧਾਨ ਸਭਾ ਚੋਣਾਂ ਲਈ 9ਵੀਂ ਸੂਚੀ ਜਾਰੀ, 5 ਉਮੀਦਵਾਰਾਂ ਦਾ ਕੀਤਾ ਐਲਾਨ

ਕਾਂਗਰਸ ਦੇ ਆਪਸੀ ਕਲੇਸ਼ ਦਾ ਜ਼ਿਕਰ ਕਰਦਿਆਂ ਚੱਢਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਵਿਚਾਲੇ 'ਗ੍ਰਹਿ ਯੁੱਧ' ਇਸ ਤਰ੍ਹਾਂ ਚੱਲ ਰਿਹਾ ਹੈ, ਸਿੱਧੂ ਬਨਾਮ ਚੰਨੀ, ਚੰਨੀ ਬਨਾਮ ਜਾਖੜ, ਜਾਖੜ ਬਨਾਮ ਬਾਜਵਾ, ਬਾਜਵਾ ਬਨਾਮ ਸਿੱਧੂ, ਆਸ਼ੂ ਬਨਾਮ ਚੰਨੀ, ਕੇ. ਪੀ. ਰਾਣਾ ਬਨਾਮ ਆਸ਼ੂ, ਓ. ਪੀ. ਸੋਨੀ ਬਨਾਮ ਸਿੱਧੂ, ਰੰਧਾਵਾ ਬਨਾਮ ਸਿੱਧੂ, ਬਿੱਟੂ ਬਨਾਮ ਚੰਨੀ, ਬਿੱਟੂ ਬਨਾਮ ਸਿੱਧੂ, ਮਨਪ੍ਰੀਤ ਬਾਦਲ ਬਨਾਮ ਸਿੱਧੂ, ਪਰਗਟ ਸਿੰਘ ਬਨਾਮ ਬਿੱਟੂ, ਰਾਜਾ ਵੜਿੰਗ ਬਨਾਮ ਰੰਧਾਵਾ, ਰਾਜ ਕੁਮਾਰ ਵੇਰਕਾ ਬਨਾਮ ਰਾਜਾ ਵੜਿੰਗ, ਰਾਜਾ ਵੜਿੰਗ ਬਨਾਮ ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਬਨਾਮ ਸੁੱਖੀ ਰੰਧਾਵਾ, ਸੁੱਖੀ ਰੰਧਾਵਾ ਬਨਾਮ ਰਾਣਾ ਗੁਰਜੀਤ, ਰਾਣਾ ਗੁਰਜੀਤ ਬਨਾਮ ਨਵਤੇਜ ਚੀਮਾ, ਕੇ.ਪੀ. ਰਾਣਾ ਬਨਾਮ ਵਰਿੰਦਰ ਢਿੱਲੋਂ, ਵਰਿੰਦਰ ਢਿੱਲੋਂ ਬਨਾਮ ਮੂਸੇਵਾਲਾ, ਪ੍ਰਤਾਪ ਬਾਜਵਾ ਬਨਾਮ ਸੁੱਖੀ ਰੰਧਾਵਾ, ਸੁੱਖੀ ਰੰਧਾਵਾ ਬਨਾਮ ਸਿੱਧੂ, ਸਿੱਧੂ ਬਨਾਮ ਸੁਨੀਲ ਜਾਖੜ, ਸੁਨੀਲ ਸਿੰਘ ਜਾਖੜ ਬਨਾਮ ਚੰਨੀ, ਭਾਰਤ ਆਸ਼ੂ ਬਨਾਮ ਸਿੱਧੂ। ਕੁਰਸੀ ਲਈ ਇਹ ਸਾਰੇ ਇਕ-ਦੂਜੇ ਦੀ ਖਿੱਚ-ਧੂਹ ਕਰ ਰਹੇ ਹਨ।

ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ

ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਨੂੰ ਕਦੇ ਵੀ ਸਥਿਰ ਸਰਕਾਰ ਨਹੀਂ ਦੇ ਸਕਦੀ। ਅਸਲ ਵਿਚ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਨੇ ਪੰਜਾਬ ਵਿਚ ਸਰਕਾਰ ਨਹੀਂ ਬਲਕਿ ‘ਸਰਕਸ’ ਚਲਾਈ ਹੈ। ਚੰਨੀ ਦੀ ਜਾਖੜ ਨਾਲ ਨਹੀਂ ਬਣਦੀ, ਜਾਖੜ ਦੀ ਬਾਜਵਾ ਨਾਲ ਨਹੀਂ ਬਣਦੀ, ਬਾਜਵਾ ਦੀ ਰੰਧਾਵਾ ਨਾਲ ਨਹੀਂ ਬਣਦੀ, ਰੰਧਾਵਾ ਦੀ ਬਿੱਟੂ ਨਾਲ ਨਹੀਂ ਬਣਦੀ ਅਤੇ ਸਿੱਧੂ ਦੀ ਕਿਸੇ ਨਾਲ ਨਹੀਂ ਬਣਦੀ। ਕਾਂਗਰਸ ਦੀ ਵੀ ਲੋਕਾਂ ਨਾਲ ਨਹੀਂ ਬਣਦੀ, ਇਸ ਲਈ ਹੁਣ ਦੇਸ਼ ਦੇ ਲੋਕਾਂ ਵਾਂਗ ਪੰਜਾਬ ਦੇ ਲੋਕਾਂ ਨੇ ਵੀ ਕਾਂਗਰਸ ਦੀ ਪੰਜਾਬ ਤੋਂ ਵਿਦਾਇਗੀ ਕਰਨ ਦਾ ਮਨ ਬਣਾ ਲਿਆ ਹੈ। ਚੱਢਾ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਇਕ ਸਥਿਰ ਅਤੇ ਈਮਾਨਦਾਰ ਸਰਕਾਰ ਦੇਵੇਗੀ। 'ਆਪ' ਸਰਕਾਰ ਪੰਜਾਬ ਨੂੰ ਮੁੜ ਸ਼ਾਂਤਮਈ ਅਤੇ ਖੁਸ਼ਹਾਲ ਬਣਾਵੇਗੀ ਅਤੇ ਸੂਬੇ ’ਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਾ ਕਾਇਮ ਕਰੇਗੀ। ਇਸ ਮੌਕੇ 'ਆਪ' ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਪਾਰ ਮੰਡਲ ਦੇ ਸੂਬਾ ਪ੍ਰਧਾਨ ਵਿਨੀਤ ਵਰਮਾ ਅਤੇ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਵੀ ਹਾਜ਼ਰ ਸਨ।

ਨੋਟ-ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News