ਸਰਕਾਰ ਫੌਜ ਦੀ ਸਰਜੀਕਲ ਸਟ੍ਰਾਈਕ ਦੇ ਮੁੱਦੇ ਦਾ ਸਿਆਸੀਕਰਨ ਕਰਨ ਤੋਂ ਗੁਰੇਜ਼ ਕਰੇ : ਕੈਪਟਨ

Friday, Jun 29, 2018 - 08:18 AM (IST)

ਸਰਕਾਰ ਫੌਜ ਦੀ ਸਰਜੀਕਲ ਸਟ੍ਰਾਈਕ ਦੇ ਮੁੱਦੇ ਦਾ ਸਿਆਸੀਕਰਨ ਕਰਨ ਤੋਂ ਗੁਰੇਜ਼ ਕਰੇ : ਕੈਪਟਨ

ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵਲੋਂ ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਦੇ ਮੁੱਦੇ 'ਤੇ ਸਿਆਸਤ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਟੀ. ਵੀ. ਚੈਨਲ ਵਲੋਂ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਪ੍ਰਸਾਰਿਤ ਵੀਡੀਓ ਨੂੰ ਦੇਖਿਆ ਨਹੀਂ ਹੈ ਪਰ ਉਹ ਸਿਆਸੀ ਲਾਭ ਲੈਣ ਦੀ ਖਾਤਿਰ ਫੌਜ ਦੀ ਵਰਤੋਂ ਕਰਨ ਦੇ ਵਿਰੁੱਧ ਹਨ। ਕਾਂਗਰਸ ਵਲੋਂ ਇਸ ਸਬੰਧ ਵਿਚ ਪ੍ਰਗਟਾਏ ਗਏ ਵਿਚਾਰਾਂ ਦਾ ਸਮਰਥਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੀ ਕਾਰਵਾਈ ਨੂੰ ਸਿਆਸੀ ਜਾਂ ਚੋਣ ਲਾਭ ਲਈ ਇਸਤੇਮਾਲ ਵਿਚ ਨਹੀਂ ਲਿਆਂਦਾ ਜਾਣਾ ਚਾਹੀਦਾ। ਇਹ ਬਦਕਿਸਮਤੀ ਹੈ ਕਿ ਸਰਕਾਰ ਵਲੋਂ ਵਾਰ-ਵਾਰ ਸਰਜੀਕਲ ਸਟ੍ਰਾਈਕ ਦੇ ਮੁੱਦੇ 'ਤੇ ਸਿਆਸੀ ਲਾਭ ਉਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਸੂਬੇ ਵਿਚ ਵਿਰੋਧੀ ਨੇਤਾ ਸੁਖਪਾਲ ਖਹਿਰਾ ਵਲੋਂ ਡਰੱਗਜ਼ ਦੇ ਮਾਮਲੇ ਵਿਚ ਨਿੱਜੀ ਅਤੇ ਸਿਆਸੀ ਲਾਭ ਲੈਣ ਲਈ ਕੀਤੇ ਜਾ ਰਹੇ ਯਤਨਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ 'ਆਮ ਆਦਮੀ ਪਾਰਟੀ' ਦੇ ਨੇਤਾ ਅਖ਼ਬਾਰਾਂ, ਟੀ. ਵੀ. ਸਕ੍ਰੀਨ 'ਤੇ ਰੋਜ਼ਾਨਾ ਆਪਣੀ ਫੋਟੋ ਦੇਖਣ ਦੇ ਆਦੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ 'ਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਸਰਕਾਰ ਕਿਸੇ ਵੀ ਸਿਆਸੀ ਦਬਾਅ ਵਿਚ ਨਹੀਂ ਆ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਪੁਲਸ ਮੁਲਾਜ਼ਮ 'ਤੇ ਇਕ ਵਿਅਕਤੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਦੇ ਲਾਏ ਗਏ ਦੋਸ਼ਾਂ ਦੀ ਸਰਕਾਰ ਵਲੋਂ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਕਿਸੇ ਦਬਾਅ ਵਿਚ ਆਏ ਬਿਨਾਂ ਸਖਤ ਕਾਰਵਾਈ ਕਰੇਗੀ।
ਅਜੇ 42 ਹਜ਼ਾਰ ਨਸ਼ਾ ਸਪਲਾਇਰ ਗ੍ਰਿਫਤ ਚੋਂ ਬਾਹਰ
ਸੱਤਾ ਵਿਚ ਆਉਣ 'ਤੇ ਸਿਰਫ 4 ਹਫਤੇ ਦੇ ਅੰਦਰ ਸੂਬੇ ਵਿਚੋਂ ਨਸ਼ੇ ਦਾ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਮੁੱਦੇ 'ਤੇ ਖੁਦ ਹੀ ਬੈਕਫੁੱਟ 'ਤੇ ਨਜ਼ਰ ਆ ਰਹੇ ਹਨ। ਜਾਂ ਤਾਂ ਉਨ੍ਹਾਂ ਨੂੰ ਸੂਬੇ ਵਿਚ ਨਸ਼ਾ ਸੌਦਾਗਰਾਂ ਦੇ ਸਹੀ ਅੰਕੜੇ ਨਹੀਂ ਪਤਾ ਜਾਂ ਫਿਰ ਉਹ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਲੁਕਾਉਣਾ ਚਾਹੁੰਦੇ ਹਨ। ਸੱਤਾ ਵਿਚ ਆਉਣ ਤੋਂ ਬਾਅਦ ਇਕ ਇੰਟਰਵਿਊ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੂਬੇ ਵਿਚ 52 ਹਜ਼ਾਰ ਦੇ ਕਰੀਬ ਨਸ਼ਾ ਸਪਲਾਇਰ ਸਰਗਰਮ ਹਨ। ਹੁਣ ਡੇਢ ਸਾਲ ਬਾਅਦ ਅਮਰਿੰਦਰ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ 10 ਹਜ਼ਾਰ ਨਸ਼ਾ ਸਪਲਾਇਰਾਂ ਨੂੰ ਸੀਖਾਂ ਪਿੱਛੇ ਡੱਕਿਆ ਹੈ। ਕੈਪਟਨ ਹੁਣ ਖੁਦ ਮੰਨ ਰਹੇ ਹਨ ਕਿ ਸੂਬੇ ਵਿਚ ਅਜੇ ਵੀ 42 ਹਜ਼ਾਰ ਨਸ਼ਾ ਸਪਲਾਇਰ ਸਰਗਰਮ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਮੰਨਿਆ ਹੈ ਕਿ ਨਸ਼ੇ ਦਾ ਕਿੰਗਪਿੰਨ ਹਾਂਗਕਾਂਗ ਦੀ ਜੇਲ ਵਿਚ ਬੰਦ ਹੈ ਤੇ ਉਥੋਂ ਹੀ ਇਸ ਧੰਦੇ ਨੂੰ ਚਲਾ ਰਿਹਾ ਹੈ।
ਮਾਰਚ 2017 ਤੋਂ ਜੂਨ 2018 ਤਕ ਕੀਤੇ 18800 ਨਸ਼ਾ ਸਮੱਗਲਰ ਗ੍ਰਿਫਤਾਰ
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੱਸੇ ਗਏ ਅੰਕੜਿਆਂ ਨੂੰ ਦਰੁਸਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਸਰਕਾਰ ਵਲੋਂ ਮਾਰਚ, 2017 ਵਿਚ ਚਾਰਜ ਸੰਭਾਲਣ ਤੋਂ ਬਾਅਦ ਹੁਣ ਤੱਕ ਕੁਲ 18800 ਨਸ਼ਾ ਸਮੱਗਲਰ ਗ੍ਰਿਫਤਾਰ ਕੀਤੇ ਗਏ ਹਨ। ਇਹ ਸਪੱਸ਼ਟੀਕਰਨ ਮੁੱਖ ਮੰਤਰੀ ਵਲੋਂ ਵੱਖ-ਵੱਖ ਮੌਕਿਆਂ 'ਤੇ ਜਾਰੀ ਕੀਤੇ ਬਿਆਨਾਂ ਦੇ ਆਧਾਰ 'ਤੇ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਇਕ ਪਹਿਲੇ ਬਿਆਨ ਵਿਚ ਮੁੱਖ ਮੰਤਰੀ ਨੇ ਟੀ. ਵੀ. ਇੰਟਰਵਿਊ ਦੌਰਾਨ ਆਖਿਆ ਸੀ ਕਿ ਕੁਲ ਗ੍ਰਿਫਤਾਰੀਆਂ 50000 ਤੋਂ ਵੱਧ ਹੋਈਆਂ ਹਨ ਪਰ ਇਸ ਵਿਚ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਸੀ ਕਿ ਇਹ ਕੁਲ ਗ੍ਰਿਫਤਾਰੀਆਂ ਪਿਛਲੇ 5 ਸਾਲਾਂ ਦੌਰਾਨ ਹੋਈਆਂ ਹਨ। ਉਸ ਸਮੇਂ (7 ਮਈ 2018) ਉਨ੍ਹਾਂ ਵਲੋਂ ਜਾਰੀ ਇਕ ਪ੍ਰੈੱਸ ਨੋਟ ਵਿਚ ਕਿਹਾ ਗਿਆ ਸੀ ਕਿ ਸਰਕਾਰ ਵਲੋਂ ਚਾਰਜ ਸੰਭਾਲਣ ਤੋਂ ਬਾਅਦ ਕੁੱਲ 15 ਹਜ਼ਾਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਬੁਲਾਰੇ ਅਨੁਸਾਰ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੀਡੀਆ ਦੇ ਇਕ ਹਿੱਸੇ ਨੇ ਸਰਕਾਰ ਕੋਲੋਂ ਸਪੱਸ਼ਟੀਕਰਨ ਲੈਣ ਦੀ ਬਜਾਏ ਇਨ੍ਹਾਂ ਅੰਕੜਿਆਂ ਨੂੰ ਵਿਰੋਧਤਾ ਦੇ ਰੂਪ ਵਿਚ ਪੇਸ਼ ਕੀਤਾ ਅਤੇ ਇਸ ਮੁੱਦੇ ਨੂੰ ਸਨਸਨੀਖੇਜ਼ ਬਣਾਇਆ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਸ ਤੇ ਤਾਜ਼ੇ ਅੰਕੜਿਆਂ ਅਨੁਸਾਰ ਗ੍ਰਿਫਤਾਰ ਕੀਤੇ ਸਮੱਗਲਰਾਂ ਦੀ ਇਹ ਗਿਣਤੀ 18800 ਹੈ ਅਤੇ 16305 ਕੇਸ ਰਜਿਸਟਰ ਕੀਤੇ ਗਏ ਹਨ। ਇਹ ਅੰਕੜੇ 16 ਮਾਰਚ, 2017 ਤੋਂ ਲੈ ਕੇ 24 ਜੂਨ, 2018 ਤੱਕ ਦੇ ਹਨ। ਇਸ ਸਮੇਂ ਦੌਰਾਨ 377.787 ਕਿਲੋਗ੍ਰਾਮ ਹੈਰੋਇਨ, 116.603 ਕਿਲੋਗ੍ਰਾਮ ਚਰਸ, 14.336 ਕਿਲੋਗ੍ਰਾਮ ਸਮੈਕ ਫੜੀ ਗਈ ਹੈ। ਬੁਲਾਰੇ ਅਨੁਸਾਰ 2014 ਤੋਂ ਲੈ ਕੇ 2018 ਤੱਕ ਕੁਲ 56136 ਗ੍ਰਿਫਤਾਰੀਆਂ ਹੋਈਆਂ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਟੀ. ਵੀ. ਇੰਟਰਵਿਊ ਦੌਰਾਨ ਮੋਟੇ ਤੌਰ 'ਤੇ 52 ਹਜ਼ਾਰ ਆਖ ਦਿੱਤਾ ਸੀ। ਬੁਲਾਰੇ ਅਨੁਸਾਰ ਐੱਨ. ਡੀ. ਪੀ. ਐੱਸ. ਐਕਟ ਤਹਿਤ  ਕੁਲ 48425 ਕੇਸ ਦਰਜ ਹੋਏ ਹਨ।

 


Related News