1984 ਦੇ ਦੰਗਿਆਂ 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੈਪਟਨ ਵਲੋਂ ਸੁਆਗਤ
Thursday, Jan 11, 2018 - 01:31 PM (IST)

ਚੰਡੀਗੜ੍ਹ - 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ 186 ਮਾਮਲਿਆਂ ਦੀ ਮੁੜ ਤੋਂ ਜਾਂਚ ਕੀਤੇ ਜਾਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ ਹੈ। ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ 186 ਮਾਮਲਿਆਂ ਦੀ ਜਾਂਚ ਨਵੀਂ ਐੱਸ. ਆਈ. ਟੀ. ਵਲੋਂ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨਿਰਦੋਸ਼ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੁਪਰੀਮ ਕੋਰਟ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ ਬੰਦ ਕੀਤੇ ਗਏ ਇਨ੍ਹਾਂ ਮਾਮਲਿਆਂ ਦੀ ਜਾਂਚ ਮੁੜ ਤੋਂ ਹੋਵੇਗੀ।
ਚੋਟੀ ਦੀ ਅਦਾਲਤ ਦਾ ਇਹ ਫੈਸਲਾ ਇਸ ਦੇ ਵਲੋਂ ਗਠਿਤ ਕੀਤੀ ਇਕ ਕਮੇਟੀ ਦੀ ਸਿਫਾਰਿਸ਼ ਮਗਰੋਂ ਆਇਆ ਹੈ। ਕਮੇਟੀ ਨੇ 241 ਬੰਦ ਪਏ ਮਾਮਲਿਆਂ ਵਿਚੋਂ 186 ਨੂੰ ਮੁੜ ਤੋਂ ਖੋਲ੍ਹਣ ਅਤੇ ਇਨ੍ਹਾਂ ਦੀ ਮੁੜ ਜਾਂਚ ਕਰਵਾਏ ਜਾਣ ਦੀ ਸਿਫਾਰਿਸ਼ ਕੀਤੀ ਹੈ।
ਇਸ ਕਮੇਟੀ 'ਚ ਪਿਛਲੇ ਸਾਲ ਸੁਪਰੀਮ ਕੋਰਟ ਦੇ 2 ਸਾਬਕਾ ਜੱਜਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਨੇ ਮਾਮਲਾ ਬੰਦ ਕੀਤੇ ਜਾਣ ਦੇ ਕਾਰਨਾਂ ਦੀ ਜਾਂਚ ਕਰਨੀ ਸੀ। ਅਦਾਲਤ ਨੇ ਅੱਜ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ 186 ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਲਈ ਹਾਈ ਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ ਵਿਚ ਤਿੰਨ ਮੈਂਬਰੀ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਹੋਵੇਗਾ।
ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋ ਹੋਏ ਦੰਗਿਆਂ ਨਾਲ ਸਬੰਧਿਤ ਤਿੰਨਾਂ ਮਾਮਲਿਆਂ ਦੀ ਜਾਂਚ ਬੰਦ ਕਰ ਦਿੱਤੀ ਗਈ ਸੀ। ਚੋਟੀ ਦੀ ਅਦਾਲਤ ਨੇ ਕਿਹਾ ਕਿ ਉਸਦੇ ਵਲੋਂ ਨਿਯੁਕਤ ਕਮੇਟੀ ਨੇ 241 ਮਾਮਲਿਆਂ ਵਿਚੋਂ 186 ਮਾਮਲਿਆਂ ਦੀ ਜਾਂਚ ਕੀਤੇ ਬਗੈਰ ਹੀ ਬੰਦ ਕਰ ਦਿੱਤਾ ਗਿਆ। ਅਦਾਲਤ ਨੇ ਕਮੇਟੀ ਵਲੋਂ ਪੇਸ਼ ਰਿਪੋਰਟ ਦੀ ਪੜਤਾਲ ਕੀਤੀ, ਜਿਸ ਨੂੰ ਚਮੜੇ ਦੇ ਬਾਕਸ ਵਿਚ ਪੇਸ਼ ਕੀਤਾ ਗਿਆ ਸੀ। ਇਸ ਬਾਕਸ ਵਿਚ ਤਾਲੇ ਦੀ ਨੰਬਰ ਵਾਲੀ ਪ੍ਰਣਾਲੀ ਹੈ।