ਪਛਵਾੜਾ ਕੋਲਾ ਖਾਣ ਮਾਮਲਾ : ਐਮਟਾ ਕੰਪਨੀ ਵਿਰੁੱਧ ਸੁਪਰੀਮ ਕੋਰਟ ਪਹੁੰਚਿਆ ਪਾਵਰਕਾਮ
Tuesday, Jul 09, 2019 - 04:53 PM (IST)

ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਝਾਰਖੰਡ ਦੇ ਪਾਕੂਰ ਜ਼ਿਲੇ 'ਚ ਅਮਰਾਪਾੜਾ ਕਸਬੇ 'ਚ ਸਥਿਤ ਪਛਵਾੜਾ ਕੋਲਾ ਖਾਣ ਨੂੰ ਚਲਾਉਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਦੀ ਸਾਬਕਾ ਭਾਈਵਾਲ ਕੰਪਨੀ ਐਮਟਾ ਦੇ ਹੱਕ 'ਚ ਦਿੱਤੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿੱਤੀ ਹੈ। ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਖਾਣ ਨੂੰ ਚਲਾਉਣ ਲਈ ਨਵੇਂ ਸਿਰੇ ਤੋਂ ਠੇਕਾ ਦੇਣ ਤੋਂ ਪਹਿਲਾਂ ਇਸ ਨੂੰ ਐਮਟਾ ਕੰਪਨੀ ਨੂੰ ਹੀ ਪਹਿਲ ਦੇਣੀ ਪਵੇਗੀ। ਪਾਵਰਕਾਮ ਨੇ ਅਗਸਤ 2018 'ਚ ਟੈਂਡਰਾਂ ਰਾਹੀਂ ਦਲੀਪਬਿਲਡਕੋਨ ਨਾਂ ਦੀ ਕੰਪਨੀ ਨੂੰ ਨਵਾਂ ਠੇਕਾ ਦਿੱਤਾ ਸੀ। ਇਸ 'ਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ। ਹੁਣ ਪਾਵਰਕਾਮ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ। ਇਸ 'ਤੇ ਸੁਣਵਾਈ ਇਸ ਮਹੀਨੇ ਦੇ ਅਖੀਰ 'ਚ ਹੋਣ ਦੀ ਸੰਭਾਵਨਾ ਹੈ।
ਅਸਲ 'ਚ ਪਾਵਰਕਾਮ ਇਸ ਕੋਲਾ ਖਾਣ ਤੋਂ ਕੋਲਾ ਹਾਸਲ ਕਰ ਕੇ 650 ਕਰੋੜ ਰੁਪਏ ਸਾਲਾਨਾ ਬੱਚਤ ਕਰਨ ਦੀ ਫਿਰਾਕ 'ਚ ਹੈ। ਪਾਵਰਕਾਮ ਨੂੰ ਕੋਲ ਇੰਡੀਆ ਤੋਂ ਕੋਲਾ ਇਸ ਵੇਲੇ 2000 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਮਿਲ ਰਿਹਾ ਹੈ ਜਦ ਕਿ ਪਾਵਰਕਾਮ ਨੂੰ ਆਪਣੀ ਕੋਲਾ ਖਾਣ ਤੋਂ ਇਸ ਦੀ ਕੀਮਤ 860 ਰੁਪਏ ਪ੍ਰਤੀ ਟਨ ਦੇ ਕਰੀਬ ਪਵੇਗੀ।
ਅਸੀਂ ਅਧਿਕਾਰਾਂ ਅਧੀਨ ਨਵਾਂ ਟੈਂਡਰ ਕੱਢਿਆ : ਐੱਸ. ਕੇ. ਪੁਰੀ
ਪਾਵਰਕਾਮ ਦੇ ਡਾਇਰੈਕਟਰ ਉਤਪਾਦਨ ਇੰਜੀ. ਐੱਸ. ਕੇ. ਪੁਰੀ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ 2014 'ਚ ਠੇਕਾ ਰੱਦ ਕਰਨ ਮਗਰੋਂ ਕੋਲਾ ਮੰਤਰਾਲੇ ਨੇ ਸਾਨੂੰ ਇਹ ਅਧਿਕਾਰ ਦਿੱਤੇ ਸਨ ਕਿ ਅਸੀਂ ਪੁਰਾਣੀ ਕੰਪਨੀ ਨਾਲ ਹੀ ਕਾਂਟਰੈਕਟ ਰੱਖ ਸਕਦੇ ਸੀ ਜਾਂ ਨਵੀਂ ਕੰਪਨੀ ਨੂੰ ਠੇਕਾ ਦੇ ਸਕਦੇ ਸੀ। ਪੰਜਾਬ ਸਰਕਾਰ ਨੇ ਦੁਬਾਰਾ ਟੈਂਡਰ ਕੱਢਣ ਦਾ ਫੈਸਲਾ ਕੀਤਾ। ਇਸ ਅਧੀਨ ਨਵਾਂ ਠੇਕਾ ਦਲੀਪਬਿਲਡਕੋਨ ਨੂੰ ਦਿੱਤਾ ਗਿਆ ਸੀ। ਇਸ ਦਾ ਵਰਕ ਆਰਡਰ ਵੀ ਦੇ ਦਿੱਤਾ ਸੀ। ਫਿਰ ਹਾਈ ਕੋਰਟ ਦਾ ਫੈਸਲਾ ਆ ਗਿਆ। ਅਸੀਂ ਸੁਪਰੀਮ ਕੋਰਟ 'ਚ ਵਿਸ਼ੇਸ਼ ਲੀਵ ਪਟੀਸ਼ਨ (ਐੱਸ. ਐੱਲ. ਪੀ.) ਦਾਇਰ ਕਰ ਦਿੱਤੀ ਹੈ। ਇਸ ਦੀ ਜਲਦ ਸੁਣਵਾਈ ਹੋਵੇਗੀ।
70 ਲੱਖ ਟਨ ਸਾਲਾਨਾ ਹੈ ਸਮਰੱਥਾ
ਪਛਵਾੜਾ ਕੋਲਾ ਖਾਣ ਅਸਲ ਵਿਚ 13 ਕਿਲੋਮੀਟਰ ਵਰਗ 'ਚ ਫੈਲੀ ਕੋਲੇ ਦੀ ਖਾਣ ਹੈ। ਇਸ 'ਚ ਅੰਦਾਜ਼ਨ 562 ਮੀਟ੍ਰਿਕ ਟਨ ਕੋਲਾ ਹੈ। ਇਸ ਤੋਂ ਹਰ ਸਾਲ 70 ਲੱਖ ਟਨ ਕੋਲਾ ਕੱਢਿਆ ਜਾ ਸਕਦਾ ਹੈ।