ਸਨਟੈੱਕ ਸਿਟੀ ਮਾਮਲੇ ’ਚ ED ਨੇ 253.66 ਕਰੋੜ ਦੀ ਜਾਇਦਾਦ ਕੀਤੀ ਕੁਰਕ

Sunday, Nov 29, 2026 - 09:46 AM (IST)

ਸਨਟੈੱਕ ਸਿਟੀ ਮਾਮਲੇ ’ਚ ED ਨੇ 253.66 ਕਰੋੜ ਦੀ ਜਾਇਦਾਦ ਕੀਤੀ ਕੁਰਕ

ਮੋਹਾਲੀ (ਜੱਸੀ) : ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ (ਈ. ਡੀ.) ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਨਿਊ ਚੰਡੀਗੜ੍ਹ ਸਥਿਤ ਸਨਟੈਕ ਸਿਟੀ ਪ੍ਰਾਜੈਕਟ ਨਾਲ ਜੁੜੇ ਮਾਮਲੇ 'ਚ ਅਜੈ ਸਹਿਗਲ, ਇੰਡੀਅਨ ਕੋ-ਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ, ਏ.ਬੀ.ਐੱਸ. ਟਾਊਨਸ਼ਿਪਸ ਪ੍ਰਾਈਵੇਟ ਲਿਮਟਿਡ (ਪਹਿਲਾਂ ਵੀ.ਆਰ.ਐੱਸ. ਟਾਊਨਸ਼ਿਪਸ ਪ੍ਰਾਈਵੇਟ ਲਿਮਟਿਡ) ਅਤੇ ਹੋਰਨਾਂ ਦੀਆਂ 253.66 ਕਰੋੜ ਰੁਪਏ ਦੀਆਂ ਚੱਲ ਤੇ ਅਚੱਲ ਜਾਇਦਾਦਾਂ ਆਰਜ਼ੀ ਤੌਰ ’ਤੇ ਕੁਰਕ ਕਰ ਲਈਆਂ ਹਨ। ਈ. ਡੀ. ਨੇ ਜਾਂਚ ਪੰਜਾਬ ਪੁਲਸ ਵੱਲੋਂ ਅਜੈ ਸਹਿਗਲ ਤੇ ਹੋਰਨਾਂ ਖ਼ਿਲਾਫ਼ ਧਾਰਾ 120ਬੀ, 420, 467, 468, 471 ਅਤੇ 472 ਤਹਿਤ ਦਰਜ ਐੱਫ.ਆਈ.ਆਰ. ਦੇ ਆਧਾਰ ’ਤੇ ਸ਼ੁਰੂ ਕੀਤੀ ਸੀ। ਮੁਲਜ਼ਮਾਂ ’ਤੇ ਜ਼ਮੀਨ ਮਾਲਕਾਂ ਦੇ ਜਾਅਲੀ ਦਸਤਖ਼ਤਾਂ ਅਤੇ ਅੰਗੂਠੇ ਦੇ ਨਿਸ਼ਾਨਾਂ ਦੀ ਵਰਤੋਂ ਕਰ ਕੇ ਪ੍ਰਾਜੈਕਟ ਲਈ ਜ਼ਮੀਨ ਦੀ ਵਰਤੋਂ ਵਿਚ ਤਬਦੀਲੀ (ਸੀ. ਐੱਲ. ਯੂ.) ਦੀ ਮਨਜ਼ੂਰੀ ਧੋਖਾਧੜੀ ਨਾਲ ਹਾਸਲ ਕਰਨ ਦਾ ਦੋਸ਼ ਹੈ।

ਜਾਂਚ ਅਨੁਸਾਰ ਲਗਭਗ 30.49 ਏਕੜ ਜ਼ਮੀਨ ਨਾਲ ਸਬੰਧਿਤ ਜਾਅਲੀ ਸਹਿਮਤੀ ਪੱਤਰ ਸੁਸਾਇਟੀ ਦੇ ਤਤਕਾਲੀ ਸਕੱਤਰ ਅਜੈ ਸਹਿਗਲ ਦੇ ਕਹਿਣ ’ਤੇ ਤਿਆਰ ਕਰਵਾ ਕੇ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਕੋਲ ਜਮ੍ਹਾਂ ਕਰਵਾਏ ਗਏ ਸਨ। ਇਨ੍ਹਾਂ ਦੇ ਆਧਾਰ ’ਤੇ 3 ਜੂਨ 2016 ਨੂੰ 108.58 ਏਕੜ ਜ਼ਮੀਨ ਲਈ ਸੀ. ਐੱਲ. ਯੂ. ਮਨਜ਼ੂਰ ਹੋਇਆ। ਇਸ ਤੋਂ ਬਾਅਦ ਲੇਆਊਟ ਪਲਾਨ ਨੂੰ ਮਨਜ਼ੂਰੀ ਮਿਲੀ ਅਤੇ 20 ਮਾਰਚ 2018 ਨੂੰ ਗਮਾਡਾ ਨੇ ਲਾਈਸੈਂਸ ਜਾਰੀ ਕੀਤਾ। ਪ੍ਰਾਜੈਕਟ ਦੀ ਰੇਰਾ, ਪੰਜਾਬ ਕੋਲ ਰਜਿਸਟ੍ਰੇਸ਼ਨ ਵੀ ਕਰਵਾਈ ਗਈ। 9 ਸਤੰਬਰ 2018 ਦੇ ਸਾਂਝੇ ਵਿਕਾਸ ਸਮਝੌਤੇ ਰਾਹੀਂ ਸਕੂਲ, ਸੀਵਰੇਜ ਟ੍ਰੀਟਮੈਂਟ ਪਲਾਂਟ, ਬਿਜਲੀ ਸਬ-ਸਟੇਸ਼ਨ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਰਾਖਵੀਂ ਥਾਂ ਸਮੇਤ ਪ੍ਰਾਜੈਕਟ ਦੇ ਵਿਕਾਸ ਤੇ ਵਿਕਰੀ ਦੇ ਅਧਿਕਾਰ ‘ਸਹਿਗਲ ਪਰਿਵਾਰ’ ਦੀ ਕੰਪਨੀ ਨੂੰ ਤਬਦੀਲ ਕਰ ਦਿੱਤੇ ਗਏ। ਇਸ ਤੋਂ ਬਾਅਦ ਪਲਾਟ, ਸੁਤੰਤਰ ਮੰਜ਼ਿਲਾਂ ਅਤੇ ਵਪਾਰਕ ਇਕਾਈਆਂ ਵੇਚੀਆਂ ਗਈਆਂ।

ਈ.ਡੀ. ਮੁਤਾਬਕ, ਅਜੈ ਸਹਿਗਲ ਨੇ ਗਮਾਡਾ ਦੇ ਲਾਈਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਿਆਂ ਪ੍ਰਾਜੈਕਟ ਲਈ ਲੋੜੀਂਦੀ 100 ਫ਼ੀਸਦੀ ਜ਼ਮੀਨ ਹਾਸਲ ਨਹੀਂ ਕੀਤੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਰਾਖਵੀਂ ਜ਼ਮੀਨ ਵੀ ਤਬਦੀਲ ਨਹੀਂ ਕੀਤੀ। ਉਨ੍ਹਾਂ ’ਤੇ ਕੰਪਲੀਸ਼ਨ ਜਾਂ ਆਕੂਪੈਂਸੀ ਸਰਟੀਫਿਕੇਟ ਲਏ ਬਿਨਾਂ ਪਲਾਟਾਂ ਦਾ ਕਬਜ਼ਾ ਸੌਂਪਣ ਦਾ ਵੀ ਦੋਸ਼ ਹੈ। ਜਾਂਚ ਵਿਚ ਅਪਰਾਧ ਰਾਹੀਂ ਕਮਾਈ ਗਈ ਰਕਮ 348.01 ਕਰੋੜ ਰੁਪਏ ਦੱਸੀ ਗਈ ਹੈ। ਇਹ ਰਕਮ ਅਜੈ ਸਹਿਗਲ ਅਤੇ ਉਸ ਦੇ ਭਰਾ ਸੰਜੇ ਸਹਿਗਲ ਦੇ ਨਿੱਜੀ ਬੈਂਕ ਖਾਤਿਆਂ ਵਿਚ ਤਬਦੀਲ ਹੋਈ। ਇਸ ਵਿਚੋਂ 24.22 ਕਰੋੜ ਰੁਪਏ ਮੋਹਾਲੀ ਵਿਚ ‘ਡਾਊਨਟਾਊਨ’ ਪ੍ਰਾਜੈਕਟ ਵਿਕਸਤ ਕਰ ਰਹੀ ਇਕ ਭਾਈਵਾਲੀ ਫਰਮ ਵਿਚ ਪੂੰਜੀ ਵਜੋਂ ਲਗਾਏ ਗਏ। ਕੁਰਕ ਕੀਤੀਆਂ ਜਾਇਦਾਦਾਂ ਵਿਚ ਸੰਜੇ ਸਹਿਗਲ ਦੀ ਇਕ ਜਾਇਦਾਦ ਵਿਚ 38.46 ਫ਼ੀਸਦੀ ਹਿੱਸੇਦਾਰੀ ਅਤੇ ਤਿੰਨ ਆਲੀਸ਼ਾਨ ਗੱਡੀਆਂ ਵੀ ਸ਼ਾਮਲ ਹਨ।
2024 ’ਚ ਲਾਈਸੈਂਸ, ਸੀ. ਐੱਲ. ਯੂ. ਤੇ ਤਿੰਨ ਪ੍ਰਾਜੈਕਟਾਂ ਦੀ ਰਜਿਸਟ੍ਰੇਸ਼ਨ ਰੱਦ
10 ਜੁਲਾਈ 2024 ਨੂੰ ਗਮਾਡਾ ਨੇ ਸਨਟੈਕ ਸਿਟੀ ਦਾ ਲਾਈਸੈਂਸ ਰੱਦ ਕਰ ਦਿੱਤਾ। 3 ਅਗਸਤ ਨੂੰ 30.49 ਏਕੜ ਜ਼ਮੀਨ ਦੀ ਸੀ.ਐੱਲ.ਯੂ. ਮਨਜ਼ੂਰੀ ਅਤੇ 6 ਸਤੰਬਰ ਨੂੰ ਰੇਰਾ, ਪੰਜਾਬ ਨੇ ਸਨਟੈਕ ਸਿਟੀ, ਲਾ ਕੈਨੇਲਾ ਤੇ ਡਿਸਟ੍ਰਿਕਟ ਸੈਵਨ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ।
 


author

Babita

Content Editor

Related News