ਸੁਨੀਲ ਜਾਖੜ ਨੂੰ ਲੈ ਕੇ ਦਿੱਲੀ ’ਚ ਬੈਠਕਾਂ, ਮਿਲ ਸਕਦੀ ਹੈ ਇਹ ਵੱਡੀ ਜ਼ਿੰਮੇਵਾਰੀ

Friday, Sep 24, 2021 - 10:53 AM (IST)

ਸੁਨੀਲ ਜਾਖੜ ਨੂੰ ਲੈ ਕੇ ਦਿੱਲੀ ’ਚ ਬੈਠਕਾਂ, ਮਿਲ ਸਕਦੀ ਹੈ ਇਹ ਵੱਡੀ ਜ਼ਿੰਮੇਵਾਰੀ

ਜਲੰਧਰ (ਧਵਨ)-ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਜਿਨ੍ਹਾਂ ਨੂੰ ਬੀਤੇ ਦਿਨੀਂ ਚੰਡੀਗੜ੍ਹ ਤੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਆਪਣੇ ਨਾਲ ਹੀ ਦਿੱਲੀ ਲੈ ਗਏ ਸਨ, ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦੇਣ ’ਤੇ ਵੀਰਵਾਰ ਦਿੱਲੀ ’ਚ ਅਹਿਮ ਬੈਠਕਾਂ ਚੱਲਦੀਆਂ ਰਹੀਆਂ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਹਾਈਕਮਾਨ ਵਿਸ਼ੇਸ਼ ਤੌਰ ’ਤੇ ਰਾਹੁਲ ਅਤੇ ਪ੍ਰਿਯੰਕਾ ਚਾਹੁੰਦੇ ਹਨ ਕਿ ਜਾਖੜ ਨਾਰਾਜ਼ ਨਹੀਂ ਰਹਿਣ ਚਾਹੀਦਾ ਹੈ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪਾਰਟੀ ਗਤੀਵਿਧੀਆਂ ’ਚ ਸਰਗਰਮ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਪਾਰਟੀ ਦੇ ਹਿੰਦੂ ਵੋਟ ਬੈਂਕ ’ਤੇ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ : ਪਲਾਂ 'ਚ ਉਜੜਿਆ ਪਰਿਵਾਰ, ਭੋਗਪੁਰ ਨੇੜੇ ਵਾਪਰੇ ਦਰਦਨਾਕ ਹਾਦਸੇ 'ਚ ਪਿਤਾ-ਪੁੱਤਰ ਸਣੇ ਪੁੱਤਰੀ ਦੀ ਮੌਤ

ਜਾਖੜ ਦੇ ਨਜ਼ਦੀਕੀਆਂ ਦਾ ਮੰਨਣਾ ਹੈ ਕਿ ਰਾਹੁਲ ਅਤੇ ਪ੍ਰਿਯੰਕਾ ਵੱਲੋਂ ਜਾਖੜ ਨੂੰ ਉੱਪ ਮੁੱਖ ਮੰਤਰੀ ਅਹੁਦਾ ਅਤੇ ਗ੍ਰਹਿ ਮਹਿਕਮਾ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਨ੍ਹਾਂ ਨੂੰ ਜਾਖੜ ਵੱਲੋਂ ਠੁਕਰਾ ਦਿੱਤਾ ਗਿਆ ਸੀ। ਰਾਹੁਲ ਚਾਹੁੰਦੇ ਸਨ ਕਿ ਜਾਖੜ ਨੂੰ ਸਰਕਾਰ ਦਾ ਹਿੱਸਾ ਬਣਾਇਆ ਜਾਵੇ ਪਰ ਇਸ ਦੇ ਲਈ ਜਾਖੜ ਤਿਆਰ ਨਹੀਂ ਹੋਏ। ਹੁਣ ਪਾਰਟੀ ਸੰਗਠਨ ’ਚ ਜਾਖੜ ਨੂੰ ਸਰਗਰਮ ਕਰਨ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ : PTU ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਮੀਂਹ ’ਚ ਤਿਆਰ ਹੋਇਆ ਖਾਣਾ, ਰੁੜ ਗਏ ਭਾਂਡੇ (ਵੀਡੀਓ)

ਇਕ ਚਰਚਾ ਇਹ ਵੀ ਸੁਣਨ ਨੂੰ ਮਿਲੀ ਹੈ ਕਿ ਜਾਖੜ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਜਾਵੇ। ਦੂਜਾ ਸੁਝਾਅ ਇਹ ਵੀ ਰਾਹੁਲ ਅਤੇ ਪ੍ਰਿਯੰਕਾ ਨੂੰ ਦਿੱਤਾ ਗਿਆ ਹੈ ਕਿ ਜਾਖੜ ਨੂੰ ਕੰਪੇਨ ਕਮੇਟੀ ਦੇ ਚੇਅਰਮੈਨ ਦੇ ਨਾਲ-ਨਾਲ ਪੰਜਾਬ ’ਚ ਕਾਂਗਰਸ ਉਮੀਦਵਾਰਾਂ ਦੀ ਚੋਣ ਕਰਨ ਵਾਲੀ ਕਮੇਟੀ ’ਚ ਵੀ ਮਹੱਤਵਪੂਰਨ ਭੂਮਿਕਾ ਦੇ ਦਿੱਤੀ ਜਾਵੇ।
ਅਜੇ ਇਹ ਨਹੀਂ ਪਤਾ ਲੱਗਾ ਹੈ ਕਿ ਜਾਖੜ ਕਿਸ ਅਹੁਦੇ ਨੂੰ ਲੈ ਕੇ ਸਹਿਮਤ ਹੋਣਗੇ ਪਰ ਜਾਖੜ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਾਂਗਰਸ ਲੀਡਰਸ਼ਿਪ ਵੱਲੋਂ ਖ਼ੁਦ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਇਕ ਪਾਸੇ ਤਾਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਰਾਜ਼ ਹਨ ਤਾਂ ਦੂਜੇ ਪਾਸੇ ਜਾਖੜ ਦੀ ਨਾਰਾਜ਼ਗੀ ਨੂੰ ਕੇਂਦਰੀ ਲੀਡਰਸ਼ਿਪ ਕਦੇ ਵੀ ਨਹੀਂ ਚਾਹੇਗੀ। ਅਜਿਹੀ ਸਥਿਤੀ ’ਚ ਕਾਂਗਰਸ ਲਈ ਜਾਖੜ ਨੂੰ ਸਰਗਰਮ ਕਰਨ ਦੀ ਯੋਜਨਾ ’ਤੇ ਗੰਭੀਰਤਾ ਨਾਲ ਵਿਚਾਰ ਸ਼ੁਰੂ ਹੋ ਚੁੱਕਾ ਹੈ। ਜਾਖੜ ਜੋਕਿ ਸਵ. ਬਲਰਾਮ ਜਾਖੜ ਦੇ ਪੁੱਤਰ ਹਨ, ਨੂੰ ਕਿਸੇ ਵੀ ਹਾਲਤ ’ਚ ਕੇਂਦਰੀ ਲੀਡਰਸ਼ਿਪ ਸਰਗਰਮ ਰਾਜਨੀਤੀ ਦਾ ਹਿੱਸਾ ਬਣਾਉਣ ’ਚ ਜੁਟੀ ਹੋਈ ਹੈ। ਪਤਾ ਲੱਗਾ ਹੈ ਕਿ ਰਾਹੁਲ ਅਤੇ ਪ੍ਰਿਯੰਕਾ ਨੇ ਖ਼ੁਦ ਜਾਖੜ ਦਾ ਮਨ ਟਟੋਲਿਆ ਹੈ।

ਇਹ ਵੀ ਪੜ੍ਹੋ : ਜਦੋਂ ਸਟੇਜ ’ਤੇ ਚੜ੍ਹ PTU ਦੇ ਵਿਦਿਆਰਥੀਆਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਇਆ ਭੰਗੜਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

shivani attri

Content Editor

Related News