ਵਿਧਾਇਕ ਫ਼ਤਿਹਜੰਗ ਦੇ ਵਾਰ ’ਤੇ ਜਾਖੜ ਦਾ ਪਲਟਵਾਰ: ਚਿੱਕੜ ਨਾ ਸੁੱਟੇ, ਮੁਆਫ਼ੀ ਮੰਗੇ ਬਾਜਵਾ ਪਰਿਵਾਰ

Friday, Jun 25, 2021 - 02:13 PM (IST)

ਵਿਧਾਇਕ ਫ਼ਤਿਹਜੰਗ ਦੇ ਵਾਰ ’ਤੇ ਜਾਖੜ ਦਾ ਪਲਟਵਾਰ: ਚਿੱਕੜ ਨਾ ਸੁੱਟੇ, ਮੁਆਫ਼ੀ ਮੰਗੇ ਬਾਜਵਾ ਪਰਿਵਾਰ

ਚੰਡੀਗੜ੍ਹ (ਅਸ਼ਵਨੀ) : ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਵੀਰਵਾਰ ਨੂੰ ਆਪਣੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਮੰਤਰੀ ਮੰਡਲ ਵਲੋਂ ਦਿੱਤੀ ਗਈ ਸਰਕਾਰੀ ਨੌਕਰੀ ਨੂੰ ਠੁਕਰਾਉਂਦਿਆਂ ਪੰਜਾਬ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਜਿਸ ਦੇ ਜੁਆਬ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਾਜਵਾ ਪਰਿਵਾਰ ਨੂੰ ਆੜੇ ਹੱਥੀਂ ਲਿਆ। ਸੁਨੀਲ ਜਾਖੜ ਨੇ ਕਿਹਾ ਕਿ ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਸਿਰਫ਼ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸਗੋਂ ਉਨਾਂ ਨੇ ਆਪਣੇ ਮੁੱਖ ਮੰਤਰੀ ਅਤੇ ਆਪਣੀ ਪਾਰਟੀ ਦੀ ਸਾਖ਼ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਅਤੇ ਆਪਣੇ ਪਿਤਾ ਦੇ ਨਾਂਅ ਨੂੰ ਵੀ ਵੱਟਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਾਜਵਾ ਪਰਿਵਾਰ ਨੂੰ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ।  

ਇਹ ਵੀ ਪੜ੍ਹੋ : ਵੱਡੇ ਕਿਸਾਨ ਆਗੂ ਦੀ 'ਆਪ' 'ਚ ਸ਼ਾਮਲ ਹੋਣ ਦੀ ਚਰਚਾ, ਹੋ ਸਕਦੈ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ

ਗੌਰਤਲਬ ਹੈ ਕਿ ਫ਼ਤਿਹਜੰਗ ਬਾਜਵਾ ਨੇ ਪੰਜਾਬ ਕਾਂਗਰਸ ਵਿਚ ਭਰਾ-ਭਤੀਜਾਵਾਦ ਨੂੰ ਲੈ ਕੇ ਸਭ ਤੋਂ ਕਰਾਰਾ ਹਮਲਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ’ਤੇ ਕੀਤਾ ਸੀ ਅਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਮੇਤ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਵੀ ਲਪੇਟੇ ਵਿਚ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੇ ਭਤੀਜੇ ਅਜੈ ਵੀਰ ਸਿੰਘ ਪੰਜਾਬ ਸਟੇਟ ਫਾਰਮਰ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ’ਤੇ ਬਿਰਾਜਮਾਨ ਹਨ। ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਵਲੋਂ ਅਜੈਵੀਰ ਸਿੰਘ ਜਾਖੜ ਨੂੰ ਲੈ ਕੇ ਉਠਾਏ ਸਵਾਲ ਦੇ ਜਵਾਬ ਵਿਚ ਸੁਨੀਲ ਜਾਖੜ ਨੇ ਵੀ ਪਲਟਵਾਰ ਕੀਤਾ। ਜਾਖੜ ਨੇ ਕਿਹਾ ਕਿ ਅਜੈਵੀਰ ਨੇ ਪੰਜਾਬ ਸਟੇਟ ਫਾਰਮਰ ਕਮਿਸ਼ਨ ਦੇ ਚੇਅਰਮੈਨ ਅਹੁਦੇ ’ਤੇ ਰਹਿੰਦਿਆਂ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਫੰਡ ’ਚੋਂ ਇਕ ਵੀ ਪੈਸਾ ਤਨਖ਼ਾਹ ਦੇ ਤੌਰ ’ਤੇ ਨਹੀਂ ਲਿਆ ਅਤੇ ਨਾ ਹੀ ਕੋਈ ਹੋਰ ਮੁਨਾਫ਼ਾ ਲਿਆ ਹੈ। ਜਾਖੜ ਨੇ ਕਿਹਾ ਹੈ ਕਿ ਬਾਜਵਾ ਪਰਿਵਾਰ ਨੂੰ ਦੂਸਰਿਆਂ ’ਤੇ ਚਿੱਕੜ ਸੁੱਟਣ ਦੀ ਬਜਾਏ ਸੂਬੇ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ : 'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ

ਨੋਟ : ਕਾਂਗਰਸ ਚ ਚੱਲ ਰਹੇ ਕਾਟੋ ਕਲੇਸ਼ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ?


author

Harnek Seechewal

Content Editor

Related News