ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ 'ਚ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਸਾਨ ਲੀਡਰਾਂ 'ਤੇ ਚੁੱਕੇ ਸਵਾਲ
Sunday, Mar 03, 2024 - 01:53 PM (IST)

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਕਿਸਾਨ ਅੰਦੋਲਨ ਦਰਮਿਆਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਆਪਣੇ ਸੰਬੋਧਨ ਵਿਚ ਸੁਨੀਲ ਜਾਖੜ ਨੇ ਖਨੌਰੀ ਬਾਰਡਰ 'ਤੇ ਮਾਰੇ ਸ਼ੁਭਕਰਨ ਸਿੰਘ ਦੀ ਮੌਤ ਦਾ ਮੁੱਦਾ ਚੁੱਕਦੇ ਹੋਏ ਉਸ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸ਼ੁਭਕਰਨ ਸਿੰਘ ਦੇ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ ਹੈ। ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਿਮਲਣੀ ਚਾਹੀਦੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਸ਼ੁਭਕਰਨ ਸਿੰਘ ਨੇ ਜਿਹੜੇ ਹਾਲਾਤ ਵਿਚ ਜਾਨ ਗੁਆਈ, ਇਹ ਅੱਜ ਸਾਰੇ ਦੇਸ਼ ਵਿਚ ਵਿਸ਼ਾ ਬਣਿਆ ਹੋਇਆ ਹੈ।
ਅਸੀਂ ਮੰਗ ਦਾ ਸਮਰਥਨ ਕਰਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਕਰਕੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪੰਜਾਬ ਦੇ ਨੌਜਵਾਨ ਸ਼ੁਭਕਰਨ ਸਿੰਘ ਨੇ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਸੀ। ਉਸ ਦਾ ਮੰਨਣਾ ਸੀ ਕਿ ਅੱਜ ਪੰਜਾਬ ਦੇ ਕਿਸਾਨ ਦੀ ਬਾਂਹ ਫੜਨ ਦੀ ਲੋੜ ਹੈ। ਪੰਜਾਬ ਦੇ ਕਿਸਾਨ ਦੀ ਗੱਲ ਲੈ ਕੇ ਉਹ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਇਆ। ਉਸ ਨੇ ਆਪਣੇ ਉਨ੍ਹਾਂ ਆਗੂਆਂ 'ਤੇ ਯਕੀਨ ਕੀਤਾ, ਜਿਨ੍ਹਾਂ ਇਹ ਗੱਲ ਉਸ ਦੇ ਜ਼ਹਿਨ ਅੰਦਰ ਬਿਠਾਈ ਕਿ ਜਿਹੜੀਆਂ ਮੰਗਾਂ ਹਨ, ਉਹ ਜਾਇਜ਼ ਅਤੇ ਹੱਕ ਦੀਆਂ ਮੰਗਾਂ ਹਨ। ਉਸ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ।
ਸ਼ੁਭਕਰਨ ਸਿੰਘ ਨੇ ਕਿਸਾਨੀ ਸੰਘਰਸ਼ ਵਿਚ ਆਪਣੀ ਜਾਨ ਗੁਆਈ ਹੈ, ਉਸ ਨੇ ਕਿਸਾਨ ਆਗੂਆਂ 'ਤੇ ਭਰੋਸਾ ਕੀਤਾ ਸੀ। ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਨੌਜਵਾਨਾਂ ਨੂੰ ਸਮਝਾਊਣ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਕੋਈ ਹੋਰ ਸ਼ੁਭਕਰਨ ਸਿੰਘ ਆਪਣੀ ਜਾਨ ਨਾ ਗਵਾ ਸਕੇ। ਉਥੇ ਹੀ ਕਿਸਾਨ ਲੀਡਰਾਂ 'ਤੇ ਸਵਾਲ ਚੁੱਕਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨ ਦੱਸਣ ਉਹ ਖ਼ੁਦ ਕਣਕ-ਝੋਨੇ ਤੋਂ ਇਲਾਨਾ ਕਿਹੜੀ ਫ਼ਸਲ ਬੀਜਣਗੇ, ਅਸੀਂ ਉਸ ਫ਼ਸਲ ਦੀ ਐੱਮ.ਐੱਸ.ਪੀ. ਗਾਰੰਟੀ ਦੇਣ ਲਈ ਤਿਆਰ ਹਾਂ। ਉਨ੍ਹਾਂ ਿਕਹਾ ਕਿ ਮਾਮਲਾ ਐੱਮ. ਐੱਸ. ਪੀ. ਗਾਰੰਟੀ ਦਾ ਨਹੀਂ ਸਗੋਂ ਇਨਕਮ ਗਾਰੰਟੀ ਦਾ ਹੈ। ਕਿਸਾਨ More Than MSP ਮੰਗ ਰਹੇ ਹਨ। ਜਾਖੜ ਨੇ ਕਿਸਾਨਾਂ ਲੀਡਰਾਂ 'ਤੇ ਨੌਜਵਾਨਾਂ ਨੂੰ ਭੜਕਾਉਣ ਦਾ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨ ਬਲੀ ਦੇਣ ਵਾਸਤੇ ਨਹੀਂ ਹਨ। ਸਾਡੇ ਨੌਜਵਾਨਾਂ ਨੂੰ ਗੰਨ ਪਾਊਡਰ ਵਾਂਗ ਨਾ ਵਰਤਣ। ਜਜ਼ਬਾਤੀ ਹੋ ਕੇ ਨਹੀਂ ਸਗੋਂ ਫੈਕਟ ਸਮਝ ਕੇ ਅੱਗੇ ਵਧਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦੇ ਆਦੀ ਨੌਜਵਾਨਾਂ ਨੂੰ ਲੈ ਕੇ ਵੱਡਾ ਖ਼ੁਲਾਸਾ, 4 ਹਫ਼ਤਿਆਂ ’ਚ ਆਦਤ 'ਤੇ ਇੰਝ ਪਾ ਸਕਦੇ ਹੋ ਕਾਬੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8