PPSC ਦੀ ਮੁੱਖ ਪ੍ਰੀਖਿਆ ’ਚ ਧਾਂਦਲੀ ਦੇ ਦੋਸ਼, CBI ਜਾਂਚ ਕਰਵਾਈ ਜਾਵੇ : ਸੁਨੀਲ ਜਾਖੜ

Thursday, Nov 05, 2026 - 11:56 AM (IST)

PPSC ਦੀ ਮੁੱਖ ਪ੍ਰੀਖਿਆ ’ਚ ਧਾਂਦਲੀ ਦੇ ਦੋਸ਼, CBI ਜਾਂਚ ਕਰਵਾਈ ਜਾਵੇ : ਸੁਨੀਲ ਜਾਖੜ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀ. ਪੀ. ਐੱਸ. ਸੀ.) ਦੀ ਮੁੱਖ ਪ੍ਰੀਖਿਆ ਦੇ ਨਤੀਜਿਆਂ ’ਤੇ ਸਵਾਲ ਚੁੱਕਦਿਆਂ ਕਥਿਤ ਧਾਂਦਲੀਆਂ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ. ਸੀ. ਐੱਸ. ਵਰਗੀ ਵੱਕਾਰੀ ਮੁਕਾਬਲੇ ਦੀ ਪ੍ਰੀਖਿਆ 'ਚ ਜਿਸ ਤਰ੍ਹਾਂ ਕੁੱਝ ਪ੍ਰੀਖਿਆ ਕੇਂਦਰਾਂ ਅਤੇ ਕਮਰਿਆਂ ਵਿੱਚੋਂ ਵੱਡੀ ਗਿਣਤੀ 'ਚ ਉਮੀਦਵਾਰਾਂ ਦੀ ਚੋਣ ਹੋਣ ਦੀ ਗੱਲ ਸਾਹਮਣੇ ਆਈ ਹੈ, ਉਸ ਨੇ ਪੰਜਾਬ ਸਰਕਾਰ ਦੇ ‘ਬਿਨਾਂ ਪੈਸੇ, ਬਿਨਾਂ ਸਿਫ਼ਾਰਸ਼ ਨੌਕਰੀ’ ਦੇਣ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਖੜ ਨੇ ਕਿਹਾ ਕਿ ਪਹਿਲਾਂ ਨਾਇਬ ਤਹਿਸੀਲਦਾਰ ਦੀ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਇਆ, ਫਿਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿੱਚ ਪੈਰਾਮੈਡੀਕਲ ਸਟਾਫ਼ ਦੀ ਭਰਤੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੇ ਮਾਮਲੇ ਸਾਹਮਣੇ ਆਏ ਅਤੇ ਹੁਣ ਪੀ. ਪੀ. ਐੱਸ. ਸੀ. ਦੀ ਮੁੱਖ ਪ੍ਰੀਖਿਆ 'ਚ ਕਥਿਤ ਧਾਂਦਲੀ ਰਾਹੀਂ ਪੀ. ਸੀ. ਐੱਸ. ਪ੍ਰੀਖਿਆ ਨੂੰ ਹਾਈਜੈੱਕ ਕੀਤੇ ਜਾਣ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪੀ. ਸੀ. ਐੱਸ. ਪ੍ਰੀਖਿਆ ਨੂੰ ਹਾਈਜੈੱਕ ਕੀਤੇ ਜਾਣ ਅਤੇ ਨੀਟ ਪੇਪਰ ਲੀਕ ਮਾਮਲੇ 'ਚ ਕੀ ਫ਼ਰਕ ਹੈ, ਇਸ ਦਾ ਫ਼ੈਸਲਾ ਪੰਜਾਬ ਦੇ ਨੌਜਵਾਨ ਖ਼ੁਦ ਕਰਨ

ਉਨ੍ਹਾਂ ਦਾਅਵਾ ਕੀਤਾ ਕਿ ਇੱਕ-ਇੱਕ ਪ੍ਰੀਖਿਆ ਕਮਰੇ ਵਿੱਚੋਂ 10 ਤੋਂ 11 ਪ੍ਰੀਖਿਆਰਥੀਆਂ ਦੀ ਚੋਣ ਹੋਈ ਹੈ, ਜਦੋਂ ਕਿ ਰੋਲ ਨੰਬਰਾਂ ਦੀ ਲੜੀ ਵਿੱਚ ਲਗਾਤਾਰ ਤਿੰਨ ਜਾਂ ਚਾਰ ਉਮੀਦਵਾਰਾਂ ਦੇ ਸਮੂਹਾਂ ਦੇ ਰੂਪ ਵਿੱਚ ਵੀ ਕੁੱਲ 86 ਉਮੀਦਵਾਰਾਂ ਦੀ ਚੋਣ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਖੜ ਨੇ ਸਵਾਲ ਉਠਾਇਆ ਕਿ ਕੀ ਰੋਲ ਨੰਬਰ ਜਾਰੀ ਕਰਨ ਸਮੇਂ ਹੀ ਸਾਰੀ ਸੈਟਿੰਗ ਕਰ ਲਈ ਗਈ ਸੀ? ਕੀ ਕੁੱਝ ਖ਼ਾਸ ਚਹੇਤੇ ਉਮੀਦਵਾਰਾਂ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਲਗਾਤਾਰ ਰੋਲ ਨੰਬਰ ਅਲਾਟ ਕੀਤੇ ਗਏ ਸਨ? ਉਨ੍ਹਾਂ ਕਿਹਾ ਕਿ ਪੀ. ਸੀ. ਐੱਸ. ਵਰਗੀ ਵੱਕਾਰੀ ਪ੍ਰੀਖਿਆ 'ਚ ਇਹ ਕਿਵੇਂ ਸੰਭਵ ਹੈ ਕਿ ਕਿਸੇ ਵਿਸ਼ੇਸ਼ ਪ੍ਰੀਖਿਆ ਕੇਂਦਰ ਜਾਂ ਕੁੱਝ ਚੋਣਵੇਂ ਕਮਰਿਆਂ ਵਿੱਚ ਬੈਠੇ ਪ੍ਰੀਖਿਆਰਥੀਆਂ ਵਿੱਚੋਂ ਲਗਭਗ ਇੱਕ-ਚੌਥਾਈ ਉਮੀਦਵਾਰ ਸਫ਼ਲ ਹੋ ਜਾਣ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਪਿੱਛੇ ਕੋਈ ਖ਼ਾਸ ਤਰੀਕਾ ਨਾ ਅਪਣਾਇਆ ਗਿਆ ਹੋਵੇ, ਅਜਿਹਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਜਾਖੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਸਰਕਾਰ ’ਤੇ ਭਰਤੀ ਪ੍ਰੀਖਿਆਵਾਂ 'ਚ ਧਾਂਦਲੀਆਂ ਦੇ ਦੋਸ਼ ਲੱਗਦੇ ਰਹੇ ਹਨ। ਭਾਜਪਾ ਆਗੂ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਨੌਜਵਾਨਾਂ ਦੇ ਸੁਫ਼ਨਿਆਂ, ਉਮੀਦਾਂ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਇਸ ਲਈ ਪੂਰੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਵਾਉਣੀ ਬੇਹੱਦ ਜ਼ਰੂਰੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਸਾਰੇ ਤੱਥ ਲੋਕਾਂ ਦੇ ਸਾਹਮਣੇ ਰੱਖੇ ਜਾ ਸਕਣ।
 


author

Babita

Content Editor

Related News