ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਨੀਲ ਜਾਖੜ

Friday, Mar 11, 2022 - 09:15 PM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਨੀਲ ਜਾਖੜ

ਅੰਮ੍ਰਿਤਸਰ (ਸਰਬਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਸੱਚਖੰਡ ਵਿਖੇ ਮੱਥਾ ਟੇਕਣ ਉਪਰੰਤ ਜਿਥੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ, ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ । ਮੱਥਾ ਟੇਕਣ ਉਪਰੰਤ ਬਾਹਰ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਉਹ ਸਿਰਫ਼ ਆਪਣੇ ਭਤੀਜੇ ਨੂੰ ਅਬੋਹਰ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਦਾ ਹੀ ਧੰਨਵਾਦ ਕਰਨ ਲਈ ਗੁਰੂ ਸਾਹਿਬ ਦੇ ਚਰਨਾਂ ’ਚ ਸੀਸ ਝੁਕਾਉਣ ਆਏ ਹਨ ।

ਇਹ ਵੀ ਪੜ੍ਹੋ : ਭਗਵੰਤ ਮਾਨ ਚੁਣੇ ਗਏ ਵਿਧਾਇਕ ਦਲ ਦੇ ਨੇਤਾ, ਭਲਕੇ ਰਾਜਪਾਲ ਨਾਲ ਕਰਨਗੇ ਮੁਲਾਕਾਤ (ਵੀਡੀਓ)

ਉਨ੍ਹਾਂ ਕਿਹਾ ਕਿ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਹਨ ਪਰ ਇਸ ਪ੍ਰਮਾਤਮਾ ਦੇ ਘਰ ਵਿਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਗੱਲ ਨਹੀਂ ਕੀਤੀ ਜਾਵੇਗੀ। ਫਿਰ ਵੀ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਸ-ਜਿਸ ਨੇ ਵੀ ਗੁਰੂ ਸਾਹਿਬ ਦੇ ਨਾਲ ਮੱਥਾ ਲਾਇਆ ਹੈ। ਉਨ੍ਹਾਂ ਦਾ ਹਸ਼ਰ ਦੁਨੀਆ ’ਤੇ ਕੀ ਹੁੰਦਾ ਹੈ, ਇਸ ਦੀ ਜਿਊਂਦੀ-ਜਾਗਦੀ ਮਿਸਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਵਿਸ਼ੇਸ਼ ਵਿਅਕਤੀ ਦਾ ਨਾਂ ਨਾ ਲੈਂਦੇ ਹੋਏ ਹਰੇਕ ਵਾਸਤੇ ਗੱਲ ਕਰਦਿਆਂ ਕਹਿੰਦਾ ਹਾਂ ਕਿ ਜਿਸ ਨੇ ਵੀ ਪਾਤਸ਼ਾਹ ਦੀ ਇਸ ਡਿਓੜੀ ’ਚ ਖੜ੍ਹੇ ਹੋ ਕੇ ਕਿਹਾ ਸੀ ਕਿ ਮਾੜਾ ਕੰਮ ਕਰਨ ਵਾਲਿਆਂ ਦਾ ਕੱਖ ਨਾ ਰਹੇ, ਉਸੇ ਤਹਿਤ ਗੁਰੂ ਸਾਹਿਬ ਦੀਆਂ ਨਿਗਾਹਾਂ ਵਿਚ ਜਿਸ ਨੇ ਵੀ ਮਾੜਾ ਕੰਮ ਕੀਤਾ ਹੈ, ਉਸ ਦਾ ਪ੍ਰੈਕਟੀਕਲ ਲਾਈਨ ’ਚ ਵਾਕਈ ਹੀ ਕੱਖ ਨਹੀਂ ਰਿਹਾ । ਇਸ ਲਈ ਹਮੇਸ਼ਾ ਹੀ ਪ੍ਰਮਾਤਮਾ ਦੀ ਨਿਗਾਹ ’ਚ ਰਹਿ ਕੇ ਉਹਦਾ ਓਟ ਆਸਰਾ ਲੈਂਦਿਆਂ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਸਾਨੂੰ ਕਿਸੇ ਅੱਗੇ ਅੱਖਾਂ ਨਾ ਚੁਕਾਉਣੀਆਂ ਪੈਣ ਕਿਉਂਕਿ ਸਮਾਂ ਬਹੁਤ ਬਲਵਾਨ ਹੈ।


author

Manoj

Content Editor

Related News