ਵੱਡੀ ਖਬਰ : ਖਿੱਚੋਤਾਣ ਤੋਂ ਬਾਅਦ ਜ਼ੀਰਾ ਦੀ ਮੁਅੱਤਲੀ ਰੱਦ

Friday, Jan 18, 2019 - 06:59 PM (IST)

ਵੱਡੀ ਖਬਰ : ਖਿੱਚੋਤਾਣ ਤੋਂ ਬਾਅਦ ਜ਼ੀਰਾ ਦੀ ਮੁਅੱਤਲੀ ਰੱਦ

ਚੰਡੀਗੜ੍ਹ : ਪਾਰਟੀ 'ਚੋਂ ਮੁਅੱਤਲ ਕੀਤੇ ਗਏ ਕੁਲਬੀਰ ਜ਼ੀਰਾ ਨੂੰ ਪਾਰਟੀ ਪ੍ਰਧਾਨ ਵਲੋਂ ਮੁੜ ਬਹਾਲ ਕਰ ਦਿੱਤਾ ਗਿਆ ਹੈ। ਨਸ਼ਿਆਂ ਦੇ ਮਾਮਲੇ ਵਿਚ ਪਾਰਟੀ ਖਿਲਾਫ ਝੰਡਾ ਚੁੱਕਣ ਵਾਲੇ ਕੁਲਬੀਰ ਜ਼ੀਰਾ ਨੂੰ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ। ਜਿਸ ਦੇ ਚੱਲਦੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੁਲਬੀਰ ਜ਼ੀਰਾ ਵਿਚਾਲੇ ਮੀਟਿੰਗ ਹੋਈ, ਜਿਸ ਤੋਂ ਬਾਅਦ ਜ਼ੀਰਾ ਦਾ ਪੱਖ ਸੁਨਣ ਉਪਰੰਤ ਪਾਰਟੀ ਨੇ ਜ਼ੀਰਾ ਦੀ ਮੁਅੱਤਲੀ ਦਾ ਫੈਸਲਾ ਵਾਪਸ ਲੈ ਲਿਆ। 
ਦਰਅਸਲ ਜ਼ੀਰਾ ਨੇ ਬੀਤੇ ਦਿਨੀਂ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਦੇ ਹੋਏ ਨਸ਼ਿਆਂ ਦੇ ਕਾਲੇ ਕਾਰੋਬਾਰ ਵਿਚ ਅਫਸਰਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਮਿਲੀਭੁਗਤ ਦੇ ਦੋਸ਼ ਲਗਾਏ ਸਨ। ਕਾਂਗਰਸ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ 'ਤੇ ਕੀਤੇ ਜਾਂਦੇ ਦਾਅਵਿਆਂ 'ਤੇ ਜ਼ੀਰਾ ਨੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚੋਂ ਨਸ਼ਾ ਖਤਮ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ 'ਚ ਕੁੱਝ ਕਾਲੀਆਂ ਭੇਡਾਂ ਅਜਿਹੀਆਂ ਹਨ, ਜਿਨ੍ਹਾਂ 'ਚ ਫਿਰੋਜ਼ਪੁਰ ਦਾ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਵੀ ਸ਼ਾਮਲ ਹੈ।


author

Gurminder Singh

Content Editor

Related News