ਜਾਖੜ ਦੇ ਮੁੜ-ਵਸੇਬੇ ਵੱਲ ਹੁਣ ਕਾਂਗਰਸੀਆਂ ਦੀਆਂ ਨਜ਼ਰਾਂ, ਕਾਂਗਰਸ ਲੀਡਰਸ਼ਿਪ ਛੇਤੀ ਲੈ ਸਕਦੀ ਹੈ ਅਹਿਮ ਫ਼ੈਸਲਾ

Friday, Oct 08, 2021 - 12:15 PM (IST)

ਜਾਖੜ ਦੇ ਮੁੜ-ਵਸੇਬੇ ਵੱਲ ਹੁਣ ਕਾਂਗਰਸੀਆਂ ਦੀਆਂ ਨਜ਼ਰਾਂ, ਕਾਂਗਰਸ ਲੀਡਰਸ਼ਿਪ ਛੇਤੀ ਲੈ ਸਕਦੀ ਹੈ ਅਹਿਮ ਫ਼ੈਸਲਾ

ਜਲੰਧਰ (ਧਵਨ)– ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਸਿਆਸੀ ਤੌਰ ’ਤੇ ਮੁੜ-ਵਸੇਬੇ ਵੱਲ ਹੁਣ ਸੂਬੇ ਦੇ ਕਾਂਗਰਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਿਛਲੇ ਦਿਨੀਂ ਦਿੱਲੀ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਜਾਖੜ ਦਾ ਸਨਮਾਨਜਨਕ ਢੰਗ ਨਾਲ ਮੁੜ-ਵਸੇਬਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ।

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਲਖੀਮਪੁਰ ਖੀਰੀ ’ਚ ਕਿਸਾਨਾਂ ਦੀਆਂ ਹੱਤਿਆਵਾਂ ਦਾ ਕਾਂਡ ਹੋ ਜਾਣ ਕਾਰਨ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦਾ ਧਿਆਨ ਫਿਲਹਾਲ ਉੱਤਰ ਪ੍ਰਦੇਸ਼ ਵੱਲ ਕੇਂਦਰਿਤ ਹੋ ਗਿਆ ਸੀ, ਜਿਸ ਕਾਰਨ ਜਾਖੜ ਦਾ ਮੁੜ-ਵਸੇਬਾ ਨਹੀਂ ਕੀਤਾ ਜਾ ਸਕਿਆ। ਹੁਣ ਅਗਲੇ ਕੁਝ ਦਿਨਾਂ ’ਚ ਲਖੀਮਪੁਰ ਖੀਰੀ ਦਾ ਮਾਮਲਾ ਠੰਡਾ ਪੈਣ ’ਤੇ ਜਾਖੜ ਨੂੰ ਲੈ ਕੇ ਵੀ ਰਾਹੁਲ ਗਾਂਧੀ ਵੱਲੋਂ ਅਹਿਮ ਫ਼ੈਸਲਾ ਲਿਆ ਜਾ ਸਕਦਾ ਹੈ। ਫਿਲਹਾਲ ਕਾਂਗਰਸੀ ਦਿੱਲੀ ਦਰਬਾਰ ਵੱਲ ਵੇਖ ਰਹੇ ਹਨ। ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਟਿਕਟ ਵੰਡ ਕਮੇਟੀ ’ਚ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ: ਪੈਟਰੋਲ ਪੰਪ ’ਤੇ ਮਿਹਨਤ ਕਰਨ ਵਾਲੇ ਪਿਤਾ ਦਾ ਸੁਫ਼ਨਾ ਧੀ ਨੇ ਕੀਤਾ ਪੂਰਾ, IIT ਕਾਨਪੁਰ ’ਚ ਹੁਣ ਕਰੇਗੀ ਪੜ੍ਹਾਈ

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਸੂਬਾ ਵਿਧਾਨ ਸਭਾ ’ਚ ਆਮ ਚੋਣਾਂ ਨੂੰ ਲੈ ਕੇ ਆਦਰਸ਼ ਚੋਣ ਜ਼ਾਬਤਾ ਦਸੰਬਰ ਦੇ ਆਖ਼ਰੀ ਹਫ਼ਤੇ ’ਚ ਲੱਗ ਜਾਣ ਦੇ ਆਸਾਰ ਹਨ ਕਿਉਂਕਿ ਦਸੰਬਰ ਦੇ ਅਖ਼ੀਰ ਤੱਕ ਵਿਧਾਨ ਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ’ਚ ਜਾਖੜ ਦਾ ਮੁੜ-ਵਸੇਬਾ ਸੰਭਵ ਹੀ ਇਸ ਮਹੀਨੇ ਹੋ ਜਾਣ ਦੇ ਆਸਾਰ ਵਿਖਾਈ ਦੇ ਰਹੇ ਹਨ। ਜੇ ਉਨ੍ਹਾਂ ਨੂੰ ਟਿਕਟ ਵੰਡ ਕਮੇਟੀ ਵਿਚ ਕੇਂਦਰੀ ਲੀਡਰਸ਼ਿਪ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਸ ਸਥਿਤੀ ’ਚ ਕਾਂਗਰਸੀਆਂ ਦਾ ਝੁਕਾਅ ਜਾਖੜ ਵੱਲ ਹੋ ਜਾਏਗਾ। ਜਾਖੜ ਵੀ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਮੋਹਰੀ ਸਨ ਪਰ ਬਾਅਦ ’ਚ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਸਹਿਮਤੀ ਬਣੀ। ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਜਾਖੜ ਨੇ ਇਹ ਅਹੁਦਾ ਲੈਣ ਤੋਂ ਨਾਂਹ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਚੰਨੀ ਸਰਕਾਰ ਤੇ ਕਾਂਗਰਸ ਵਿਚਾਲੇ ਛਿੜੀ ਜੰਗ ਲੋਕਾਂ ’ਤੇ ਭਾਰੂ ਪੈਣ ਲੱਗੀ : ਸੁਖਬੀਰ ਬਾਦਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News