ਹਰਦੀਪ ਪੁਰੀ ਦੀ ਬਿਆਨਬਾਜ਼ੀ ਨਾਲ ਸਿੱਖਾਂ ਦੇ ਦਿਲਾਂ ਨੂੰ ਵੱਜੀ ਸੱਟ : ਜਾਖੜ

01/06/2020 10:37:34 AM

ਜਲੰਧਰ (ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੈ, ਉਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨਾਲ ਜੋੜ ਕੇ ਵੇਖਣਾ ਭਾਜਪਾ ਦੀ ਫਿਰਕੂ ਸੋਚ ਅਤੇ ਘੱਟ-ਗਿਣਤੀਆਂ ਪ੍ਰਤੀ ਨਫਰਤ ਦਾ ਪ੍ਰਤੀਕ ਹੈ। ਭਾਜਪਾ ਆਪਣੇ ਕਾਲੇ ਕਾਨੂੰਨਾਂ ਦਾ ਮੰਡੀਕਰਨ ਕਰ ਰਹੀ ਹੈ। ਸਿੱਖ ਕਿਸੇ ਰਾਜਸੀ ਪਾਰਟੀ ਦੀ ਸਿਆਸੀ ਕਰੰਸੀ ਨਹੀਂ ਹਨ, ਜਿਨ੍ਹਾਂ ਦੀ ਵਰਤੋਂ ਕੋਈ ਪਾਰਟੀ ਆਪਣੇ ਸਿਆਸੀ ਹਿੱਤਾਂ ਦੀ ਪ੍ਰਾਪਤੀ ਲਈ ਕਰੇ।

ਦਰਅਸਲ ਰਿਹਾਇਸ਼ੀ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਤੋਂ ਉਨ੍ਹਾਂ ਸਾਰਿਆਂ ਦੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ, ਜੋ ਪਾਕਿ 'ਚ ਧਾਰਮਿਕ ਘੱਟ ਗਿਣਤੀਆਂ ਦੇ ਅੱਤਿਆਚਾਰ ਤੋਂ ਇਨਕਾਰ ਕਰਨ ਅਤੇ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਦੀ ਜ਼ਰੂਰਤ ਤੋਂ ਮੂੰਹ ਮੋੜ ਰਹੇ ਹਨ। ਉਨ੍ਹਾਂ ਨੂੰ ਹੋਰ ਕਿਹੜੇ ਸਬੂਤ ਦੀ ਲੋੜ ਹੈ? ਇਕ ਭਾਰਤੀ ਅਤੇ ਇਕ ਸਿੱਖ ਹੋਣ ਦੇ ਨਾਤੇ, ਮੈਂ ਉਨ੍ਹਾਂ ਸਾਰਿਆਂ ਨੂੰ ਨਹੀਂ ਮੰਨਦਾ ਜਿਹੜੇ ਧਰਮ ਨਿਰਪੱਖ ਅਤੇ ਸੰਵੇਦਨਸ਼ੀਲ ਹਨ, ਜੋ ਇਨ੍ਹਾਂ ਵਧੀਕੀਆਂ ਅਤੇ ਜ਼ੁਲਮ ਦੇ ਸੱਚ ਪ੍ਰਤੀ ਅੱਖਾਂ ਬੰਦ ਕਰਕੇ ਬੈਠੇ ਹਨ। ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਬੱਚੀ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾ ਕੇ ਜ਼ੁਲਮ ਕੀਤਾ ਜਾ ਰਿਹਾ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਕਿਵੇਂ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਜਾਂ ਤਾਂ ਆਪਣੇ ਪਾਪ ਲੁਕਾਉਣ ਲਈ ਇਸ ਨਿਖੇਧੀਜਨਕ ਘਟਨਾ ਪ੍ਰਤੀ ਤਮਾਸ਼ਬੀਨ ਬਣੀ ਹੋਈ ਹੈ ਜਾਂ ਫਿਰ ਉਹ ਸਿਆਸੀ ਰੋਟੀਆਂ ਸੇਕ ਰਹੀ ਹੈ।

ਕੇਂਦਰ ਸਰਕਾਰ ਪਾਕਿ ਸਰਕਾਰ ਨਾਲ ਕਰੇ ਗੱਲਬਾਤ
ਉਥੇ ਹੀ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਨਨਕਾਣਾ ਸਾਹਿਬ ਘਟਨਾ 'ਤੇ ਰਾਜਨੀਤੀ ਕਰਨ ਤੋਂ ਬਾਜ਼ ਆਏ ਅਤੇ ਇਸ ਮਾਮਲੇ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਪਾਕਿਸਤਾਨੀ ਸਰਕਾਰ ਨਾਲ ਗੱਲਬਾਤ ਕਰੇ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਤੋਂ ਫੌਰੀ ਕਾਰਵਾਈ ਦੀ ਮੰਗ ਕੀਤੀ ਹੈ, ਉਸੇ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਦੇ ਜਜ਼ਬਾਤਾਂ 'ਤੇ ਰੋਟੀਆਂ ਸੇਕਣਾ ਬੰਦ ਕਰਨ ਅਤੇ ਪਾਕਿਸਤਾਨ ਸਰਕਾਰ ਨਾਲ ਦੋ-ਟੁੱਕ ਗੱਲਬਾਤ ਕਰੇ।

ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਮਾਮਲਾ ਸਿੱਖਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਬਾਰੇ ਅਕਾਲੀ ਦਲ ਅਤੇ ਭਾਜਪਾ ਨੂੰ ਰਾਜਨੀਤੀ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਹੋਰ ਝਗੜੇ ਵਾਲੇ ਕਾਲੇ ਕਾਨੂੰਨਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਦਰੁਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਨਨਕਾਣਾ ਸਾਹਿਬ ਸਮੂਹ ਸਿੱਖਾਂ ਲਈ ਬਹੁਤ ਹੀ ਅਹਿਮ ਸਥਾਨ ਹੈ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਨਿਖੇਧੀਜਨਕ ਹਨ। ਜਾਖੜ ਨੇ ਕੇਂਦਰ ਨੂੰ ਕਿਹਾ ਕਿ ਉਹ ਪਾਕਿਸਤਾਨ ਨਾਲ ਸਫਾਰਤੀ ਸਬੰਧਾਂ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਸਥਿਤ ਸਭਨਾਂ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਉੱਚ ਪੱਧਰੀ ਵਾਰਤਾਵਾਂ ਰਾਹੀਂ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹਮਲਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਲਈ ਪਾਕਿਸਤਾਨ 'ਤੇ ਦਬਾਅ ਵਧਾਇਆ ਜਾਣਾ ਚਾਹੀਦਾ ਹੈ।


shivani attri

Content Editor

Related News