ਜਾਖੜ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ, ਕਿਹਾ-ਈ. ਡੀ. ਦੀ ਦੁਰਵਰਤੋਂ ਨਾ ਕਰੇ ਭਾਜਪਾ
Monday, Dec 09, 2019 - 06:34 PM (IST)

ਜਲੰਧਰ (ਸੋਨੂੰ) — ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈ. ਡੀ. ਦੀ ਭਰੋਸਗੀ 'ਤੇ ਸਵਾਲ ਚੁੱਕੇ ਹਨ। ਜਲੰਧਰ 'ਚ ਪਾਰਟੀ ਵਰਕਰਾਂ ਨਾਲ ਬੈਠਕ ਕਰਨ ਆਏ ਜਾਖੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਈ. ਡੀ. ਦੀ ਦੁਰਵਰਤੋ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸਮੇਤ ਦੇਸ਼ ਭਰ 'ਚ ਕਾਂਗਰਸੀ ਨੇਤਾਵਾਂ ਨੂੰ ਈ. ਡੀ. ਦੇ ਕੇਸਾਂ ਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਈ. ਡੀ. ਨੂੰ ਨਸ਼ੇ ਮਾਮਲੇ ਦੀ ਬੰਦ ਫਾਈਲ ਖੋਲਣ ਦੀ ਨਸੀਹਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਲੰਧਰ ਕਾਂਗਰਸ ਦੇ ਕੁਝ ਨੇਤਾਵਾਂ ਦੇ ਘਰ ਈ. ਡੀ. ਵੱਲੋਂ ਰੇਡ ਕੀਤੀ ਗਈ ਸੀ। ਹੁਣ ਪਾਰਟੀ ਨੇ ਨੇਤਾਵਾਂ ਦਾ ਸਾਥ ਦਿੰਦਿਆਂ ਇਸ ਨੂੰ ਦਬਕੇ ਦੀ ਸਿਆਸਤ ਦਾ ਨਾਂ ਦਿੱਤਾ ਹੈ।
ਮੀਟਿੰਗ ਲਈ ਅੱਜ ਸੁਨੀਲ ਜਾਖੜ ਜਲੰਧਰ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨਾਲ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ। ਈ. ਡੀ. ਨੂੰ ਪਹਿਲਾਂ ਨਸ਼ੇ ਦੇ ਉਸ ਕੇਸ ਨੂੰ ਹੱਲ ਕਰਨਾ ਚਾਹੀਦਾ ਹੈ, ਜਿਸ 'ਚ 2014 'ਚ ਸੰਮਨ ਕੀਤਾ ਸੀ, ਉਸ ਤੋਂ ਬਾਅਦ ਲਾਲੀ ਨੂੰ ਦੇਖਣਾ ਚਾਹੀਦਾ ਹੈ। ਲਾਲੀ ਨੂੰ ਅੱਜ ਈ. ਡੀ. ਨੇ ਤਲਬ ਕੀਤਾ ਸੀ ਪਰ ਉਹ ਈ. ਡੀ. ਸਾਹਮਣੇ ਪੇਸ਼ ਨਹੀਂ ਹੋਏ। ਈ. ਡੀ. ਨੇ ਸ਼ੁੱਕਰਵਾਰ ਨੂੰ ਲਾਲੀ ਦੇ ਘਰ ਤੇ ਦਫਤਰ 'ਚ ਰੇਡ ਕੀਤੀ ਸੀ।