ਭਾਜਪਾ ਆਰਥਿਕ ਸਥਿਤੀ ਸੰਭਾਲ ਨਹੀਂ ਸਕੀ, ਕਾਂਗਰਸ ਜਨਤਾ ''ਚ ਜਾਗਰੂਕਤਾ ਪੈਦਾ ਕਰੇਗੀ :ਜਾਖੜ

09/21/2019 11:25:06 AM

ਜਲੰਧਰ (ਧਵਨ)— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਮੁੜ ਸੂਬਾ ਕਾਂਗਰਸ ਦੀ ਵਾਗਡੋਰ ਸੌਂਪੀ ਹੈ ਅਤੇ ਉਨ੍ਹਾਂ ਨੂੰ ਪਾਰਟੀ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਜਾਖੜ ਨੇ ਭਾਵੇਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਨੂੰ ਪ੍ਰਧਾਨ ਦੇ ਅਹੁਦੇ 'ਤੇ ਬਰਕ਼ਰਾਰ ਰੱਖਣ ਲਈ ਪੰਜਾਬ ਕਾਂਗਰਸ ਪਾਰਲੀਮਾਨੀ ਪਾਰਟੀ ਅਤੇ ਪੰਜਾਬ ਕਾਂਗਰਸ ਵਿਧਾਇਕ ਪਾਰਟੀ ਦੀ ਮੀਟਿੰਗ ਸੱਦ ਕੇ ਮਤਾ ਪ੍ਰਵਾਨ ਕਰ ਕੇ ਹਾਈ ਕਮਾਨ ਨੂੰ ਘੱਲਿਆ, ਜਿਸ ਪਿੱਛੋਂ ਆਖਰਕਾਰ ਹਾਈ ਕਮਾਨ ਨੇ ਜਾਖੜ ਦੇ ਹੱਕ 'ਚ ਫੈਸਲਾ ਲਿਆ । ਜਾਖੜ ਨਾਲ ਪੰਜਾਬ ਅਤੇ ਉਨ੍ਹਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ, ਜਿਸ ਦੇ ਕੁਝ ਹਿੱਸੇ ਹੇਠਾਂ ਦਿੱਤੇ ਗਏ ਹਨ:

ਸਵਾਲ : ਆਪ ਜੀ ਨੂੰ ਪਾਰਟੀ ਲੀਡਰਸ਼ਿਪ ਨੇ ਮੁੜ ਪੰਜਾਬ ਲਈ ਕੰਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ: ਮੈਂ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਆਸ਼ਾ ਕੁਮਾਰੀ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਮੁੜ ਪਾਰਟੀ ਲਈ ਸੇਵਾਵਾਂ ਦੇਣ ਲਈ ਕਿਹਾ ਹੈ। ਕਾਂਗਰਸ ਨੂੰ ਮਜ਼ਬੂਤ ਕਰਨਾ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ 'ਤੇ ਲੈ ਜਾਣਾ ਹੀ ਮੇਰਾ ਟੀਚਾ ਰਹੇਗਾ।

ਸਵਾਲ : ਦੇਸ਼ ਦੀ ਆਰਥਿਕ ਸਥਿਤੀ ਡਾਵਾਂਡੋਲ ਹੁੰਦੀ ਜਾ ਰਹੀ ਹੈ, ਜੀ. ਡੀ. ਪੀ. ਦੀ ਦਰ 'ਚ ਭਾਰੀ ਗਿਰਾਵਟ ਹੈ। ਤੁਸੀਂ ਕੀ ਕਹੋਗੇ?
ਜਵਾਬ: ਮੋਦੀ ਸਰਕਾਰ-2 ਦੀ ਸ਼ੁਰੂਆਤ ਆਰਥਿਕ ਸਥਿਤੀ 'ਚ ਗਿਰਾਵਟ ਨਾਲ ਹੋਈ ਹੈ। ਜੀ. ਡੀ. ਪੀ. ਦੀ ਦਰ 5 ਫੀਸਦੀ 'ਤੇ ਆ ਗਈ ਹੈ। ਇਹ ਚਿੰਤਾਜਨਕ ਸਥਿਤੀ ਹੈ, ਜਿਸ ਨੂੰ ਸੰਭਾਲਣ ਦੀ ਲੋੜ ਹੈ । ਅੱਜ ਲੋਕ ਮੁੜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚੇਤੇ ਕਰ ਰਹੇ ਹਨ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕੀਤਾ ਸੀ।

ਸਵਾਲ :ਅਰਥਚਾਰੇ ਨੂੰ ਮਜ਼ਬੂਤੀ ਦੇਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ?
ਜਵਾਬ: ਭਾਜਪਾ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਦੀ ਅਰਥਵਿਵਸਥਾ ਢਹਿ-ਢੇਰੀ ਹੋ ਕੇ ਰਹਿ ਗਈ ਹੈ। ਨਵੇਂ ਰੋਜ਼ਗਾਰ ਤਾਂ ਪੈਦਾ ਕੀ ਹੋਣੇ ਸਨ, ਮੌਜੂਦਾ ਰੋਜ਼ਗਾਰ ਵੀ ਲੋਕਾਂ ਤੋਂ ਖੁੱਸ ਗਏ ਹਨ। ਅਜਿਹੀ ਸਥਿਤੀ 'ਚ ਜਨਤਾ 'ਚ ਜਾਗਰੂਕਤਾ ਲਿਆਉਣ ਲਈ ਕਾਂਗਰਸ ਕੰਮ ਕਰੇਗੀ। ਅਰਥਵਿਵਸਥਾ ਨੂੰ ਮਜ਼ਬੂਤੀ ਜੇਕਰ ਮੋਦੀ ਸਰਕਾਰ ਨਹੀਂ ਦੇ ਸਕਦੀ ਹੈ ਤਾਂ ਘੱਟੋ-ਘੱਟ ਉਨ੍ਹਾਂ ਨੂੰ ਡਾਕਟਰ ਮਨਮੋਹਨ ਸਿੰਘ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀ ਰਾਇ ਲੈਣੀ ਚਾਹੀਦੀ ਹੈ। ਕਾਂਗਰਸ ਨੇ ਆਪਣੇ ਸਮਿਆਂ 'ਚ ਕਈ ਮਹਾਨ ਅਰਥਸ਼ਾਸਤਰੀਆਂ ਨਾਲ ਮੀਟਿੰਗਾਂ ਕਰਕੇ ਅਰਥਵਿਵਸਥਾ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਸੀ। ਕਾਂਗਰਸ ਛੇਤੀ ਹੀ ਆਪਣੇ ਜ਼ਿਲਾ ਪ੍ਰਧਾਨਾਂ ਨਾਲ ਮਿਲ ਕੇ ਸੜਕਾਂ 'ਤੇ ਉਤਰ ਕੇ ਜਨਤਾ ਨੂੰ ਦੱਸੇਗੀ ਕਿ ਕੇਂਦਰ ਸਰਕਾਰ ਆਰਥਿਕ ਸਥਿਤੀ ਨੂੰ ਸੰਭਾਲਣ 'ਚ ਅਸਫਲ ਹੋਈ ਹੈ।

ਸਵਾਲ : ਕਾਂਗਰਸ ਕਾਰਕੁੰਨਾਂ 'ਚ ਜੋਸ਼ ਵਧਾਉਣ ਲਈ ਕੀ ਪ੍ਰੋਗਰਾਮ ਬਣਾਇਆ ਜਾਵੇਗਾ?
ਜਵਾਬ: ਕਾਂਗਰਸ ਕਾਰਕੁੰਨਾਂ ਦਾ ਜੋਸ਼ ਵਧਾਉਣ ਲਈ ਉਨ੍ਹਾਂ ਨਾਲ ਸਮੇਂ-ਸਮੇਂ ਮੀਟਿੰਗਾਂ ਕਰਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਂਗਰਸ ਕਾਰਕੁੰਨਾਂ ਅਤੇ ਆਗੂਆਂ ਪ੍ਰਤੀ ਜਵਾਬਦੇਹ ਬਣਾਇਆ ਜਾਵੇਗਾ।

ਸਵਾਲ : ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ਨੂੰ ਕਿਸ ਤਰ੍ਹਾਂ ਨਾਲ ਚਲਾਇਆ ਜਾਵੇਗਾ ?
ਜਵਾਬ: ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਕੁਝ ਅਹਿਮ ਕਦਮ ਚੁੱਕੇ ਜਾਣਗੇ। ਕਾਂਗਰਸ ਭਾਜਪਾ ਵਾਂਗ ਮਿਸਡ ਕਾਲ ਵਰਗੀ ਮੁਹਿੰਮ ਨਹੀਂ ਚਲਾਵੇਗੀ, ਸਗੋਂ ਕਾਂਗਰਸ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ ਨੂੰ ਨਾਲ ਜੋੜਿਆ ਜਾਵੇਗਾ। ਕਾਂਗਰਸ ਅੱਗੇ ਇਸ ਸਮੇਂ ਕਈ ਵੰਗਾਰਾਂ ਹਨ, ਜਿਨ੍ਹਾਂ ਦਾ ਮਿਲ ਕੇ ਸਾਹਮਣਾ ਕਰਨਾ ਹੈ ।
ਸਵਾਲ : ਪੰਜਾਬ ਵਿਧਾਨ ਸਭਾ ਦੀਆਂ 4 ਜ਼ਿਮਨੀ ਚੋਣਾਂ ਦੇ ਸਬੰਧ 'ਚ ਪਾਰਟੀ ਦੀ ਰਣਨੀਤੀ ਕੀ ਰਹੇਗੀ?
ਜਵਾਬ: ਜ਼ਿਮਨੀ ਚੋਣਾਂ ਬਾਰੇ ਪਾਰਟੀ ਤਿਆਰ ਹੈ । 4 ਮਹੀਨੇ ਪਹਿਲਾਂ ਹੀ ਲੋਕ ਸਭਾ ਦੀਆਂ ਆਮ ਚੋਣਾਂ ਹੋਈਆਂ ਸਨ ਜਿਸ 'ਚ ਕਾਂਗਰਸ ਨੂੰ ਜਿੱਤ ਹਾਸਲ ਹੋਈ ਸੀ। ਜ਼ਿਮਨੀ ਚੋਣਾਂ 'ਚ ਵੀ ਕਾਂਗਰਸ ਵਿਕਾਸ ਦੇ ਮੁੱਦੇ 'ਤੇ ਚੋਣ ਮੈਦਾਨ 'ਚ ਉਤਰੇਗੀ । ਕਾਂਗਰਸ ਜ਼ਿਮਨੀ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਭਨਾਂ ਚਾਰ ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ ।

ਸਵਾਲ : ਨਸ਼ਿਆਂ 'ਤੇ ਰੋਕ ਲਗਾਉਣ ਲਈ ਕੀ ਕਦਮ ਹੋਰ ਚੁੱਕਣ ਦੀ ਲੋੜ ਹੈ?
ਜਵਾਬ: ਨਸ਼ਿਆਂ 'ਤੇ ਰੋਕ ਲਗਾਉਣ ਲਈ ਕੈਪਟਨ ਅਮਰਿੰਦਰ ਸਿੰਘ ਕਾਫੀ ਗੰਭੀਰ ਹਨ ਅਤੇ ਇਸ ਮਾਮਲੇ 'ਚ ਮੁੱਖ ਮੰਤਰੀ ਨੇ ਕੋਈ ਵੀ ਸਮਝੌਤਾ ਕਰਨ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਿਕ ਪੰਜਾਬ 'ਚ ਨਸ਼ਿਆਂ ਨੂੰ ਫੈਲਾਉਣ ਵਾਲੇ ਲੋਕਾਂ ਦੀ ਜਵਾਬਦੇਹੀ ਤੈਅ ਹੋਵੇਗੀ। ਬਰਗਾੜੀ ਕਾਂਡ ਬਾਰੇ ਵੀ ਸਰਕਾਰ ਜਵਾਬਦੇਹੀ ਤੈਅ ਕਰੇਗੀ। ਕਿਸੇ ਵੀ ਦੋਸ਼ੀ ਨੂੰ ਬਚ ਕੇ ਜਾਣ ਨਹੀਂ ਦਿੱਤਾ ਜਾਵੇਗਾ ।

ਸਵਾਲ : ਕਾਂਗਰਸ ਆਪਣੇ ਕਿੰਨੇ ਚੋਣ ਵਾਅਦੇ ਪੂਰੇ ਕਰ ਸਕੀ ਹੈ ?
ਜਵਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੱਸ ਦੱਦਿੱਤਾ ਹੈ ਕਿ ਪਾਰਟੀ ਦੀ ਸਰਕਾਰ ਨੇ 140 ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ। ਕਾਂਗਰਸ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਕਿਸਾਨਾਂ ਲਈ ਕਰਜ਼ਾ ਮੁਆਫੀ ਨੂੰ ਲਾਗੂ ਕੀਤਾ। ਜੇਕਰ ਸਰਕਾਰ ਚਾਹੁੰਦੀ ਤਾਂ ਇਸ ਨੂੰ ਆਪਣੇ ਅਹਿਦ ਦੇ ਆਖਰੀ ਪੰਜਵੇਂ ਸਾਲ ਵੀ ਸ਼ੁਰੂ ਕਰ ਸਕਦੀ ਸੀ ਪਰ ਉਸ ਨੇ ਪਹਿਲੇ ਵਰ੍ਹੇ ਹੀ ਇਸ ਯੋਜਨਾ ਨੂੰ ਸ਼ੁਰੂ ਕੀਤਾ। ਹੁਣ ਆਰਥਿਕ ਸਥਿਤੀ 'ਚ ਸੁਧਾਰ ਆ ਰਿਹਾ ਹੈ ਅਤੇ ਸਰਕਾਰ ਵੱਲੋਂ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਅਸਲ 'ਚ ਕਾਂਗਰਸ ਸਰਕਾਰ ਨੂੰ ਵਿਰਾਸਤ 'ਚ ਖਸਤਾ ਹਾਲ ਆਰਥਿਕ ਸਥਿਤੀ ਪ੍ਰਾਪਤ ਹੋਈ ਸੀ ਅਤੇ ਸਰਕਾਰ ਦੇ ਯਤਨਾਂ ਨਾਲ ਜਿਵੇਂ-ਜਿਵੇਂ ਸੁਧਾਰ ਆ ਰਿਹਾ ਹੈ, ਉਵੇਂ-ਉਵੇਂ ਦੂਜੇ ਚੋਣ ਵਾਅਦਿਆਂ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ।

ਸਵਾਲ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨਜ਼ਦੀਕ ਆ ਰਿਹਾ ਹੈ, ਕੀ ਤੁਸੀਂ ਚਾਹੋਗੇ ਕਿ ਇਸ ਨੂੰ ਮਿਲ ਕੇ ਮਨਾਇਆ ਜਾਣਾ ਚਾਹੀਦਾ ਹੈ?
ਜਵਾਬ : ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖ ਚੁੱਕੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਇਕ ਇਤਿਹਾਸਕ ਘਟਨਾ ਹੈ ਅਤੇ ਇਸ ਨੂੰ ਮਿਲ ਕੇ ਮਨਾਇਆ ਜਾਣਾ ਚਾਹੀਦਾ ਹੈ। ਗੁਰਦੁਆਰਿਆਂ ਦੇ ਅੰਦਰ ਸਮਾਗਮ ਸ਼੍ਰੋਮਣੀ ਕਮੇਟੀ ਕਰ ਲਵੇ ਅਤੇ ਬਾਹਰ ਪ੍ਰੋਗਰਾਮ ਕਰਨ ਦੀ ਜ਼ਿੰਮੇਵਾਰੀ ਕਾਂਗਰਸ ਸਰਕਾਰ ਦੀ ਹੈ।


shivani attri

Content Editor

Related News