ਪੰਜਾਬ ਨੇ ਆਪਣੇ ਖਰਚੇ ''ਤੇ ਭੇਜੇ 1.80 ਲੱਖ ਪ੍ਰਵਾਸੀ ਮਜ਼ਦੂਰ, ਮੋਦੀ ਸਰਕਾਰ ਵਲੋਂ ਨਹੀਂ ਮਿਲੀ ਕੋਈ ਮਦਦ : ਜਾਖੜ

Sunday, May 17, 2020 - 11:28 PM (IST)

ਪੰਜਾਬ ਨੇ ਆਪਣੇ ਖਰਚੇ ''ਤੇ ਭੇਜੇ 1.80 ਲੱਖ ਪ੍ਰਵਾਸੀ ਮਜ਼ਦੂਰ, ਮੋਦੀ ਸਰਕਾਰ ਵਲੋਂ ਨਹੀਂ ਮਿਲੀ ਕੋਈ ਮਦਦ : ਜਾਖੜ

ਜਲੰਧਰ,(ਧਵਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਦੇ ਬਿਆਨ ਤੋਂ ਪਹਿਲਾਂ ਪੰਜਾਬ 1.80 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਖਰਚੇ 'ਤੇ ਉਨ੍ਹਾਂ ਦੇ ਘਰ ਭੇਜ ਚੁੱਕਿਆ ਹੈ । ਜਦ ਕਿ ਕੇਂਦਰ ਵੱਲੋਂ ਨਿੱਤ ਦਿਨ ਕੀਤੇ ਜਾ ਰਹੇ ਐਲਾਨਾਂ ਦੇ ਉਲਟ ਪ੍ਰਵਾਸੀ ਮਜਦੂਰਾਂ ਨੂੰ ਕੋਈ ਮਦਦ ਮੋਦੀ ਸਰਕਾਰ ਵੱਲੋਂ ਨਹੀਂ ਮਿਲੀ ਹੈ।

ਅੱਜ ਇਥੇ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਦੇ ਉਸ ਬਿਆਨ ਨੂੰ ਗੈਰ-ਜ਼ਿੰਮੇਵਾਰਨਾ ਦੱਸਿਆ, ਜਿਸ ਵਿਚ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸੂਬਿਆਂ ਨੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਨਹੀਂ ਕੀਤੀ । ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਇਕ ਜ਼ਿੰਮੇਵਾਰ ਅਹੁਦੇ 'ਤੇ ਵਿਰਾਜਮਾਨ ਹੁੰਦਿਆਂ ਉਨ੍ਹਾਂ ਨੂੰ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਤੋਂ ਜਿੱਥੇ ਟ੍ਰੇਨਾਂ ਨਾਲ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਘਰ ਭੇਜਿਆ ਜਾ ਰਿਹਾ ਹੈ, ਉਥੇ ਹੀ ਬੱਸਾਂ ਦੀ ਮਦਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਹਫਤੇ 200 ਟ੍ਰੇਨਾਂ ਹੋਰ ਪ੍ਰਸਤਾਵਿਤ ਹਨ । ਉਨ੍ਹਾਂ ਕਿਹਾ ਕਿ ਗੁਰੂਆਂ ਦੀ ਵਰਸੋਈ ਪੰਜਾਬ ਦੀ ਧਰਤੀ 'ਤੇ ਜੋ ਵੀ ਸੰਕਟ ਸੀ, ਉਸ ਦੌਰਾਨ ਕੋਈ ਵੀ ਭੁੱਖਾ ਨਹੀਂ ਰਿਹਾ ਹੈ । ਇਸ ਲਈ ਕੇਂਦਰ ਸਰਕਾਰ ਨੂੰ ਸੂਬਿਆਂ 'ਤੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਕਾਰਗੁਜਾਰੀ 'ਤੇ ਧਿਆਨ ਦੇਣਾ ਚਾਹੀਦਾ ਹੈ ।


author

Deepak Kumar

Content Editor

Related News