ਧਾਰਮਿਕ ਬੇਅਦਬੀ ਕਰਨ ਵਾਲੇ ਛੇਤੀ ਹੋਣੇ ਚਾਹੀਦੈ ਗ੍ਰਿਫਤਾਰ : ਜਾਖੜ

Friday, Feb 21, 2020 - 06:55 PM (IST)

ਧਾਰਮਿਕ ਬੇਅਦਬੀ ਕਰਨ ਵਾਲੇ ਛੇਤੀ ਹੋਣੇ ਚਾਹੀਦੈ ਗ੍ਰਿਫਤਾਰ : ਜਾਖੜ

ਜਲੰਧਰ,(ਧਵਨ)-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਧਾਰਮਿਕ ਬੇਅਦਬੀਆਂ ਦੇ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਸੀ. ਬੀ. ਆਈ. ਦੀ ਮੰਗ ਖ਼ਾਰਿਜ ਕੀਤੇ ਜਾਣ ਤੋਂ ਬਾਅਦ ਹੁਣ ਇਨ੍ਹਾਂ ਮਾਮਲਿਆਂ 'ਚ ਵਿਸ਼ੇਸ਼ ਪੜਤਾਲੀਆਂ ਟੀਮ (ਐੱਸ. ਆਈ. ਟੀ.) ਨੂੰ ਤੇਜ਼ੀ ਨਾਲ ਪੜਤਾਲ ਕਰ ਕੇ ਮਾਮਲੇ ਨੂੰ ਅੰਤਿਮ ਸਿੱਟੇ ਤੱਕ ਪੁਚਾਉਣਾ ਹੋਵੇਗਾ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਪੰਜਾਬ ਦੇ ਹਿੱਤ 'ਚ ਕਰਾਰ ਦਿੰਦੇ ਹੋਏ ਕਿਹਾ ਕਿ ਹੁਣ ਇਸ ਮਾਮਲੇ 'ਚ ਹੋਰ ਦੇਰੀ ਦਾ ਕੋਈ ਕਾਰਣ ਨਹੀਂ ਬਣਦਾ ਹੈ । ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੜਤਾਲ ਦੇ ਕੰਮ ਨੂੰ ਛੇਤੀ ਅੰਤਿਮ ਸਿੱਟੇ ਤੱਕ ਲਿਜਾਣ ਦੇ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਅਹਿਦ 'ਚ ਬੇਅਦਬੀਆਂ ਲਈ ਦੋਸ਼ੀ ਮੁਜ਼ਰਮਾਂ ਨੂੰ ਛੇਤੀ ਹੀ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ।
ਜਾਖੜ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਅਤੇ ਪੁਲਸ ਫਾਇਰਿੰਗ ਦੇ ਮਾਮਲੇ ਇਕ-ਦੂਜੇ ਨਾਲ ਜੁੜੇ ਹੋਏ ਹਨ। ਇਨ੍ਹਾਂ ਬੇਅਦਬੀਆਂ ਦੇ ਮਾਮਲਿਆਂ 'ਚ ਉਪਰਲੇ ਪੱਧਰ ਦੇ ਲੋਕ ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਬੇਨਕਾਬ ਕਰਨ ਦਾ ਸਮਾਂ ਆ ਗਿਆ ਹੈ। ਐੱਸ. ਆਈ. ਟੀ. ਨੂੰ ਤੁਰੰਤ ਬੇਅਦਬੀ ਮਾਮਲਿਆਂ ਦੀ ਜਾਂਚ ਆਰੰਭ ਕਰ ਦੇਣੀ ਚਾਹੀਦੀ ਹੈ। ਕਾਂਗਰਸ ਨੇ ਵਿਧਾਨ ਸਭਾ ਚੋਣਾਂ 'ਚ ਆਪਣੇ ਚੋਣ ਮਨੋਰਥ ਪੱਤਰ 'ਚ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾ ਕੇ ਰਹੇਗੀ ਅਤੇ ਹੁਣ ਉਹ ਸਮਾਂ ਆ ਗਿਆ ਹੈ।


Related News