''ਸੰਡੇ ਬਾਜ਼ਾਰ'' ''ਤੇ ਸਖਤੀ ਬਰਕਰਾਰ ਰੱਖੇਗਾ ਜਲੰਧਰ ਨਿਗਮ
Thursday, Feb 06, 2020 - 11:33 AM (IST)
ਜਲੰਧਰ (ਖੁਰਾਣਾ)— ਮੇਅਰ ਜਗਦੀਸ਼ ਰਾਜਾ ਦੇ ਤਿੱਖੇ ਤੇਵਰਾਂ ਤੋਂ ਬਾਅਦ ਟਰੈਫਿਕ ਪੁਲਸ ਅਤੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਇਸ ਵਾਰ ਸਖਤੀ ਵਿਖਾਉਂਦਿਆਂ ਭਗਵਾਨ ਵਾਲਮੀਕਿ ਚੌਕ ਦੇ ਆਲੇ-ਦੁਆਲੇ, ਬਸਤੀ ਅੱਡਾ, ਨਕੋਦਰ ਚੌਕ ਅਤੇ ਪੀ. ਐੱਨ. ਬੀ. ਚੌਕ ਵੱਲ ਜਾਂਦੀਆਂ ਸੜਕਾਂ 'ਤੇ ਸੰਡੇ ਬਾਜ਼ਾਰ ਨਹੀਂ ਲੱਗਣ ਦਿੱਤਾ ਸੀ। ਇਸ ਮਾਮਲੇ 'ਚ ਬੀਤੇ ਦਿਨ ਮੇਅਰ ਰਾਜਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ, ਜਿਸ ਦੌਰਾਨ ਐੱਸ. ਡੀ. ਐੱਮ. ਜੈਇੰਦਰ ਸਿੰਘ ਤੇ ਟਰੈਫਿਕ ਪੁਲਸ ਦੇ ਏ. ਸੀ. ਪੀ. ਤੋਂ ਇਲਾਵਾ ਕਮਿਸ਼ਨਰ ਲਾਕੜਾ, ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਅਤੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਮੌਜੂਦ ਸਨ। ਸੰਡੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਪੱਖ ਯੂਨੀਅਨ ਆਗੂ ਚੰਦਨ ਗਰੇਵਾਲ ਅਤੇ ਹੋਰਨਾਂ ਨੇ ਰੱਖਿਆ।
ਮੀਟਿੰਗ ਦੌਰਾਨ ਕਈ ਮੁੱਦਿਆਂ 'ਤੇ ਚਰਚਾ ਹੋਈ ਪਰ ਮੇਅਰ ਨੇ ਸਾਫ ਸਟੈਂਡ ਲਿਆ ਕਿ ਜੀ. ਟੀ. ਰੋਡ ਤੇ ਹੋਰ ਮੁੱਖ ਸੜਕਾਂ 'ਤੇ ਸੰਡੇ ਬਾਜ਼ਾਰ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਦੌਰਾਨ ਯੂਨੀਅਨ ਆਗੂ ਚੰਦਨ ਗਰੇਵਾਲ ਤੇ ਹੋਰਨਾਂ ਵਿਚਾਲੇ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਦੀ ਵੀ ਸੂਚਨਾ ਹੈ। ਮੀਟਿੰਗ ਦੌਰਾਨ ਨਵੇਂ ਸਟਰੀਟ ਵੈਂਡਿੰਗ ਜ਼ੋਨ ਵਿਚ ਸੰਡੇ ਬਾਜ਼ਾਰ ਦੇ ਪ੍ਰਭਾਵਿਤ ਦੁਕਾਨਦਾਰਾਂ ਨੂੰ ਐਡਜਸਟ ਕਰਨ 'ਤੇ ਵੀ ਚਰਚਾ ਹੋਈ, ਜਿਸ ਦੇ ਲਈ ਜਲਦੀ ਹੀ ਇਕ ਮੀਟਿੰਗ ਰੱਖੀ ਜਾਵੇਗੀ।