ਸੁਨਾਮ ਨਹੀਂ, ਸੁਨਾਮ ਊਧਮ ਸਿੰਘ ਵਾਲਾ ਕਹੀਏੇ! ਜਨਾਬ
Friday, Nov 17, 2017 - 10:37 AM (IST)

ਸੁਨਾਮ ਊਧਮ ਸਿੰਘ ਵਾਲਾ (ਮੰਗਲਾ)- ਦਹਾਕੇ ਦੇ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਸੁਨਾਮ ਦੇ ਰੇਲਵੇ ਸਟੇਸ਼ਨ ਨੂੰ ਆਖਰ ਸ਼ਹੀਦ ਦੇ ਨਾਮ ਦੀ ਪਛਾਣ ਮਿਲ ਗਈ ਹੈ ਅਤੇ ਸਮਾਜਿਕ ਅਤੇ ਸੂਚਨਾ ਅਧਿਕਾਰ ਕਾਰਕੁੰਨ ਅਤੇ ਹੋਰ ਲੋਕਾਂ ਦੀ ਹਾਜ਼ਰੀ ਵਿਚ ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਬਦਲਕੇ 'ਸੁਨਾਮ ਊਧਮ ਸਿੰਘ ਵਾਲਾ' ਕਰ ਦਿੱਤਾ ਗਿਆ ਹੈ । ਰੇਲਵੇ ਅਧਿਕਾਰੀਆਂ ਨੇ ਇਸ ਸਬੰਧ ਵਿਚ ਹਫ਼ਤੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ।
ਜ਼ਿਕਰਯੋਗ ਹੈ ਕਿ ਪਿਛਲੇ 11 ਸਾਲਾਂ ਤੋਂ ਰੇਲਵੇ ਸਟੇਸ਼ਨ ਦਾ ਨਾਮ ਸ਼ਹੀਦ ਦੇ ਨਾਮ 'ਤੇ ਕਰਵਾਉਣ ਦੀ ਕੋਸ਼ਿਸ਼ ਚੱਲ ਰਹੀ ਸੀ । 25 ਜਨਵਰੀ 2006 ਨੂੰ ਉਸ ਸਮੇਂ ਦੀ ਸਰਕਾਰ ਨੇ ਸ਼ਹਿਰ ਦੇ ਨਾਮ ਨੂੰ ਸੁਨਾਮ ਊਧਮ ਸਿੰਘ ਵਾਲਾ 'ਚ ਤਬਦੀਲ ਕਰਨ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਇਸ ਮਾਮਲੇ ਨੂੰ ਲੈ ਕੇ ਰੇਲਵੇ ਨਾਲ ਠੀਕ ਤਰੀਕੇ ਨਾਲ ਤਾਲਮੇਲ ਨਹੀਂ ਕੀਤਾ ਗਿਆ, ਜਿਸ ਕਾਰਨ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਦੇ ਨਾਂ 'ਤੇ ਤਬਦੀਲ ਨਹੀਂ ਹੋ ਸਕਿਆ।
ਇਤਿਹਾਸਕਾਰ ਰਾਕੇਸ਼ ਕੁਮਾਰ ਅਤੇ ਸਮਾਜਿਕ ਅਤੇ ਸੂਚਨਾ ਅਧਿਕਾਰ ਕਾਰਕੁੰਨ ਜਤਿੰਦਰ ਜੈਨ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਦੇ ਨਾਂ 'ਤੇ ਤਬਦੀਲ ਕਰਵਾਉਣ ਲਈ ਵਕੀਲ ਐੱਚ. ਸੀ. ਅਰੋੜਾ ਨਾਲ ਮਿਲ ਕੇ ਸਾਲ 2006 'ਚ ਕੋਸ਼ਿਸ਼ਾਂ ਸ਼ੁਰੂ ਕੀਤੀਆਂ ।
ਜੈਨ ਨੇ ਦੱਸਿਆ ਕਿ ਉਹ ਲਗਾਤਾਰ ਰੇਲਵੇ ਨਾਲ ਇਸ ਮਾਮਲੇ ਸਬੰਧੀ ਤਾਲਮੇਲ ਕਰ ਰਹੇ ਸਨ, ਜਿਸ ਸਦਕਾ ਰੇਲਵੇ ਸਟੇਸ਼ਨ ਦਾ ਨਾਮ ਬਦਲਿਆ ਜਾ ਸਕਿਆ। ਉਨ੍ਹਾਂ ਕਿਹਾ ਕਿ ਨਾਮ ਬਦਲਾਉਣ ਦਾ ਸਿਹਰਾ ਕੋਈ ਵੀ ਲਵੇ, ਉਨ੍ਹਾਂ ਨੇ ਆਪਣਾ ਸਮਾਜਿਕ ਫਰਜ਼ ਅਦਾ ਕਰ ਦਿੱਤਾ ਹੈ । ਓਧਰ, ਰੇਲਵੇ ਸਟੇਸ਼ਨ 'ਤੇ ਸ਼ਹੀਦ ਊਧਮ ਸਿੰਘ ਦਾ ਨਾਮ ਲਿਖੇ ਜਾਣ 'ਤੇ ਸ਼ਹੀਦ ਦੇ ਪਰਿਵਾਰ ਤੇ ਸ਼ਹਿਰ ਵਾਸੀਆਂ ਵਿਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ ।