ਸੁਲਤਾਨਵਿੰਡ ਗੋਲੀਕਾਂਡ ’ਚ ਆਇਆ ਨਵਾਂ ਮੋੜ, ਥਾਣਾ ਬੀ-ਡਵੀਜ਼ਨ ਦਾ SHO ਮੁਅੱਤਲ

06/12/2022 11:34:29 PM

ਅੰਮ੍ਰਿਤਸਰ (ਜਸ਼ਨ) : ਬੀਤੀ ਸ਼ਾਮ ਸੁਲਤਾਨਵਿੰਡ ਅਧੀਨ ਪੈਂਦੇ ਇਲਾਕੇ ’ਚ ਮਹਿਲਾ ਕੌਂਸਲਰ ਦੇ ਪੁੱਤਰ ਬੱਬਾ ਵੱਲੋਂ ਗੋਲੀ ਚਲਾਉਣ ਦੀ ਘਟਨਾ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਪੁਲਸ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਲਾਪ੍ਰਵਾਹੀ ਦੇ ਦੋਸ਼ ਹੇਠ ਥਾਣਾ ਸਦਰ ਦੇ ਇੰਚਾਰਜ ਲਵਜੀਤ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ। ਹੁਣ ਨਵੀਂ ਤਾਇਨਾਤੀ ਵਜੋਂ ਪੁਲਸ ਨੇ ਹਰਸੰਦੀਪ ਸਿੰਘ ਨੂੰ ਥਾਣਾ ਬੀ-ਡਵੀਜ਼ਨ ਦਾ ਇੰਚਾਰਜ ਲਾਇਆ ਹੈ। ਪੁਲਸ ਨੇ ਇਸ ਮਾਮਲੇ 'ਚ ਐੱਸ. ਐੱਚ. ਓ. ਨੂੰ ਮੁਅੱਤਲ ਕਰਕੇ ਆਪਣਾ ਅਕਸ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਘਟਨਾ ਨੂੰ ਲੈ ਕੇ ਸੂਬੇ ਭਰ ਦੇ ਲੋਕਾਂ ਵਿੱਚ ਕਈ ਭਰਮ-ਭੁਲੇਖੇ ਪੈਦਾ ਹੋ ਗਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਸੁਪਾਰੀ ਦੇ ਕਰਵਾਇਆ ਦੁਬਈ ਤੋਂ ਪਰਤੇ ਪਤੀ ਦਾ ਕਤਲ, ਪਤਨੀ ਸਣੇ 3 ਗ੍ਰਿਫ਼ਤਾਰ

ਵਰਣਨਯੋਗ ਹੈ ਕਿ ਐੱਸ. ਐੱਚ. ਓ. ਲਵਜੀਤ ਸਿੰਘ ਗਿੱਲ ਨੂੰ ਕੁਝ ਲੋਕਾਂ ਵੱਲੋਂ ਫੋਨ ’ਤੇ ਸੂਚਿਤ ਕੀਤਾ ਗਿਆ ਸੀ ਪਰ ਐੱਸ. ਐੱਚ. ਓ. ਨੇ ਮੌਕੇ ’ਤੇ ਜਾਣ ਦੀ ਬਜਾਏ ਆਪਣੇ ਅਧੀਨ ਮੁਲਾਜ਼ਮ ਭੇਜ ਦਿੱਤੇ। ਫਿਰ ਉਕਤ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ’ਚ ਕੌਂਸਲਰ ਦੇ ਬੇਟੇ ਬੱਬਾ ਨੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ 6 ਰਾਊਂਡ ਗੋਲੀਆਂ ਚੱਲੀਆਂ। ਗੋਲੀ ਲੱਗਣ ਨਾਲ ਰਾਜਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ, ਜਦੋਂਕਿ ਹੁਣ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਸਮੁੱਚੇ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ, ਜੋ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਵੀ ਆਲੋਚਨਾ ਕਰ ਰਹੇ ਹਨ। ਇਸ ਦੇ ਨਾਲ ਹੀ ਪੁਲਸ ਨੇ ਇਸ ਮਾਮਲੇ ਵਿੱਚ 8 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਹੈ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਇਸ ਸਬੰਧੀ ਪੁਲਸ ਨੇ 5 ਨਾਮੀ ਅਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕੌਂਸਲਰ ਪੁੱਤਰ ਚਰਨਦੀਪ ਸਿੰਘ ਬੱਬਾ ਵਾਸੀ ਆਜ਼ਾਦ ਨਗਰ, ਰਿੰਪੀ, ਹੈਪੀ, ਧਮਿੰਦਰ ਸਿੰਘ ਭੋਲੂ, ਨੋਨਾ ਨਿਹੰਗ ਤੇ 3 ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਇਕ ਪਿਸਤੌਲ, 2 ਖੋਲ ਅਤੇ ਜੁਰਮ 'ਚ ਵਰਤੀ ਗਈ ਇਕ ਗੋਲੀ ਦਾ ਸਿੱਕਾ ਬਰਾਮਦ ਕੀਤਾ ਹੈ। ਪੁਲਸ ਨੇ ਗੋਲੀ ਕਾਂਡ ਦੇ ਮੁੱਖ ਮੁਲਜ਼ਮ ਕੌਂਸਲਰ ਪੁੱਤਰ ਚਰਨਜੀਤ ਸਿੰਘ ਬੱਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਪੁਲਸ ਨੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਮੁਲਜ਼ਮ ਨੂੰ 4 ਦਿਨਾਂ ਦੇ ਪੁਲਸ ਰਿਮਾਂਡ ’ਤੇ ਪੁਲਸ ਹਵਾਲੇ ਕਰ ਦਿੱਤਾ। ਇਹ ਸਾਰਾ ਮਾਮਲਾ ਜ਼ਮੀਨੀ ਵਿਵਾਦ ਨੂੰ ਲੈ ਕੇ ਵਾਪਰਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਤਲ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਮਨਦੀਪ ਮੰਨਾ ਨੇ ਪੁਲਸ ਪ੍ਰਸ਼ਾਸਨ 'ਤੇ ਚੁੱਕੇ ਸਵਾਲ

ਜ਼ਿਕਰਯੋਗ ਹੈ ਕਿ ਇਕ ਸਮੇਂ ਬੱਬਾ ਬਿਕਰਮ ਸਿੰਘ ਮਜੀਠੀਆ ਦਾ ਕਰੀਬੀ ਸੀ ਅਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਖਾਸਮਖਾਸ ਲੋਕਾਂ ’ਚੋਂ ਇਕ ਸੀ। ਇਸ ਤੋਂ ਬਾਅਦ ਸੱਤਾ ਤਬਦੀਲੀ ਕਾਰਨ ਉਹ ਮੁੜ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਦੂਜੇ ਪਾਸੇ ਮੁਲਜ਼ਮ ਰਿੰਪੀ ਬੱਬਾ ਦਾ ਭਰਾ ਹੈ ਤੇ ਦੋਸ਼ ਹੈ ਕਿ ਉਹ ਮੌਕੇ ’ਤੇ ਹੀ ਬੱਬਾ ਕੋਲ ਪਿਸਤੌਲ ਲੈ ਕੇ ਆਇਆ ਸੀ। ਪੁਲਸ ਨੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਸ ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਇਸ ਮਾਮਲੇ ’ਤੇ ਕੰਮ ਕਰ ਰਹੀ ਹੈ। ਪੁਲਸ ਹੁਣ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਆਵਾਰਾ ਪਸ਼ੂਆਂ ਵੱਲੋਂ ਟੱਕਰ ਮਾਰਨ 'ਤੇ ਨੌਜਵਾਨ ਦੀ ਮੌਤ

ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਪੁਲਸ ਦੀ ਨਜ਼ਰ ਹੁਣ ਇਕ ਨਿਹੰਗ ਸਿੰਘ ’ਤੇ ਹੈ, ਜੋ ਵਾਇਰਲ ਹੋਈ ਵੀਡੀਓ ’ਚ ਬਰਸ਼ਾ ਫੜ ਕੇ ਆਪਣਾ ਮੂੰਹ ਢੱਕ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਇਸ ਨਿਹੰਗ ਸਿੰਘ ਦੀ ਅਹਿਮ ਭੂਮਿਕਾ ਹੈ। ਆਖ਼ਿਰ ਇਸ ਨਿਹੰਗ ਸਿੰਘ ਨੇ ਉਪਰੋਕਤ ਸਾਰੇ ਮਾਮਲੇ ਦੌਰਾਨ ਆਪਣਾ ਮੂੰਹ ਢੱਕ ਕੇ ਕਿਉਂ ਰੱਖਿਆ, ਉਸ ਦੇ ਸ਼ੰਕੇ ਹੋਰ ਵੀ ਡੂੰਘੇ ਹੁੰਦੇ ਜਾ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News