ਧਰਤੀ ਨੂੰ ਬਚਾਉਣ ਲਈ ਬਾਬੇ ਨਾਨਕ ਦੇ ਫਲਸਫੇ 'ਤੇ ਚੱਲਣ ਦਾ ਸੱਦਾ
Sunday, Nov 03, 2019 - 12:27 PM (IST)

ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ, ਜੋਸ਼ੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਤੀ ਨੂੰ ਬਚਾਉਣ ਦੇ ਸੱਦੇ ਨਾਲ ਸ਼ੁਰੂ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬਾਬੇ ਨਾਨਕ ਦੇ ਫਲਸਫੇ ਨਾਲ ਇਸ ਸੰਸਾਰ ਨੂੰ ਆਲਮੀ ਤਪਸ਼ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਤਬਾਹੀ ਨਾਲ ਮਨੁੱਖ ਆਪਣੀ ਬਰਬਾਦੀ ਦਾ ਮੁੱਢ ਬੰਨ੍ਹ ਰਿਹਾ ਹੈ। ਕਾਰਪੋਰੇਟ ਦਾ ਸਿਧਾਂਤ ਪੈਸੇ ਇਕੱਠੇ ਕਰਨਾ ਹੈ, ਜਦਕਿ ਬਾਬੇ ਨਾਨਕ ਦਾ ਸਿਧਾਂਤ ਵੰਡ ਛਕਣ ਅਤੇ ਸਰਬੱਤ ਦੇ ਭਲੇ ਵਾਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਿਰਮਲ ਕੁਟੀਆ ਪਵਿੱਤਰ ਵੇਈਂ 'ਤੇ ਬਣੇ ਨਵੇਂ ਦਰਬਾਰ 'ਚ ਵਿਸ਼ਵ ਵਾਤਾਵਰਣ 'ਚ ਹਿੱਸਾ ਲੈ ਰਹੇ ਬੁਲਾਰਿਆਂ ਨੇ ਕੀਤਾ।
ਇਸ ਮੌਕੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਗੁਰੂ ਨਾਨਕ ਦੇਵ ਜੀ ਦਾ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਸਰਵੋਤਮ ਸੰਕਲਪ ਹੈ। ਇਹ ਮਨੁੱਖ ਨੂੰ ਕੁਦਰਤ ਨਾਲ ਜੋੜਦਾ ਹੈ ਅਤੇ ਉਸ 'ਚ ਅਹਿਸਾਸ ਜਗਾਉਂਦਾ ਹੈ ਕਿ ਉਹ ਕੁਦਰਤ ਦਾ ਅੰਗ ਹੈ। ਇਸ ਮੌਕੇ ਪਦਮਸ਼੍ਰੀ ਵਾਤਾਵਰਣ ਪ੍ਰੇਮੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਕਿਹਾ ਕਿ ਕੁਦਰਤ ਦਾ ਨੁਕਸਾਨ ਜਿੰਨਾ ਮਨੁੱਖ ਕਰ ਰਿਹਾ ਹੈ, ਓਨਾ ਕੋਈ ਹੋਰ ਨਹੀਂ ਕਰ ਰਿਹਾ। ਜੰਗਲ ਦੇ ਜਾਨਵਰ ਮਨੁੱਖ ਨਾਲੋਂ ਕਿਤੇ ਵੱਧ ਖਾਂਦੇ ਹਨ ਪਰ ਉਹ ਕਦੇ ਕੁਦਰਤ ਨਾਲ ਛੇੜਛਾੜ ਨਹੀਂ ਕਰਦੇ ਜਿੰਨੀ ਮਨੁੱਖ ਕਰਦਾ ਆ ਰਿਹਾ ਹੈ। ਦੱਸ ਦੇਈਏ ਕਿ ਇਸ ਮੌਕੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਪੰਜ ਕਿਸਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਨ੍ਹਾਂ ਕਿਸਾਨਾਂ 'ਚ ਤੇਗਾ ਸਿੰਘ, ਅਮਰਜੀਤ ਸਿੰਘ ਭੰਗੂ, ਜਗਮੋਹਣ ਸਿੰਘ ਜੈਸਿੰਘ ਵਾਲਾ ਅਤੇ ਸਤਨਾਮ ਸਿੰਘ ਫਾਜ਼ਲਵਾਲਾ ਸ਼ਾਮਲ ਸਨ।
ਰਾਜਸਥਾਨ ਨੇ ਸ਼ਤਾਬਦੀ ਜਸ਼ਨਾਂ ਮੌਕੇ ਮੰਗਿਆ ਪੰਜਾਬ ਤੋਂ ਪੀਣ ਵਾਲਾ ਸ਼ੁੱਧ ਪਾਣੀ
ਰਾਜਸਥਾਨ ਤੋਂ ਬੀਬੀ ਸ਼ਬਨਮ ਗੋਦਾਰਾ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਲੀਤ ਪਾਣੀ ਰਾਜਸਥਾਨ ਦੇ 8 ਜ਼ਿਲਿਆਂ 'ਚ ਰਹਿੰਦੇ 2 ਕਰੋੜ ਲੋਕ ਇਹ ਪਾਣੀ ਪੀ ਕੇ ਕੈਂਸਰ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਬੀਕਾਨੇਰ ਦੇ ਕੈਂਸਰ ਹਸਪਤਾਲ 'ਚ 40 ਹਜ਼ਾਰ ਲੋਕ ਦਾਖਲ ਹੋ ਰਹੇ ਹਨ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਲੋਕਾਂ ਕੋਲੋਂ ਮੰਗ ਕੀਤੀ ਕਿ ਉਹ ਇਸ ਪਵਿੱਤਰ ਤੇ ਇਤਿਹਾਸਕ ਅਰਧ ਸ਼ਤਾਬਦੀ ਮੌਕੇ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਸਤਲੁਜ ਨੂੰ ਪਲੀਤ ਕਰਨਾ ਬੰਦ ਕਰ ਦੇਣ, ਤਾਂ ਜੋ ਰਾਜਸਥਾਨ ਦੇ ਲੋਕ ਵੀ ਸਾਫ਼ ਤੇ ਸ਼ੁੱਧ ਪਾਣੀ ਪੀ ਸਕਣ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਜਸਵੀਰ ਸਿੰਘ ਅਤੇ ਮੈਂਬਰ ਬਾਬੂ ਰਾਮ ਨੂੰ ਸੰਤ ਸੀਚੇਵਾਲ ਨੇ ਸਨਮਾਨਤ ਕੀਤਾ। ਇਸ ਮੌਕੇ ਸੰਤ ਦਇਆ ਸਿੰਘ ਟਾਹਲੀ ਸਾਹਿਬ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਸੰਤ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਠਾ, ਮਹਾਤਮਾ ਮੁਨੀ ਖੈੜਾ ਬੇਟ, ਸੰਤ ਸੁਖਜੀਤ ਸਿੰਘ ਸੀਚੇਵਾਲ ਆਦਿ ਸਣੇ ਬਹੁਤ ਸਾਰੀਆਂ ਸ਼ਖਸੀਅਤਾਂ ਸ਼ਾਮਲ ਸਨ।