550ਵਾਂ ਪ੍ਰਕਾਸ਼ ਪੁਰਬ: ਸੁਲਤਾਨਪੁਰ ਲੋਧੀ ਨੂੰ ''ਸਫੈਦ ਸਿਟੀ'' ਬਣਾਉਣ ਦੀ ਸੇਵਾ ਸ਼ੁਰੂ (ਵੀਡੀਓ)

Thursday, Sep 05, 2019 - 06:12 PM (IST)

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)—  ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ (ਸਫੈਦ ਪੇਂਟ) ਕਰਵਾਉਣ ਦੀ ਸੇਵਾ ਅੱਜ ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੁਰੂ ਕਰਵਾਈ ਗਈ। 

ਉਪਰੰਤ ਸਮੂਹ ਬੁਲਾਰਿਆਂ ਨੇ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਸੁਲਤਾਨਪੁਰ ਲੋਧੀ ਨੂੰ ਸਫੈਦ ਪੇਂਟ ਕਰਨ ਦੀ ਪੂਰੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣ ਦੀ ਮੰਗ ਕੀਤੀ ਅਤੇ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਸੁਖਬੀਰ ਸਿੰਘ ਬਾਦਲ ਅਤੇ ਭਾਈ ਲੌਂਗੋਵਾਲ ਆਦਿ ਨੇ ਗੁਰਦੁਆਰਾ ਸਾਹਿਬ ਦੇ ਮੁਹਰੇ ਕੰਧ 'ਤੇ ਬੁਰਸ਼ ਨਾਲ ਚਿੱਟਾ ਰੰਗ ਫੇਰ ਕੇ ਸੇਵਾ ਦੀ ਆਰੰਭਤਾ ਕਰਵਾਈ। ਪੇਂਟ ਦੀ ਸੇਵਾ ਸ਼ੁਰੂ ਕਰਨ ਸਮੇਂ ਅਕਾਲੀ ਦਲ ਦੇ ਭਾਰੀ ਗਿਣਤੀ 'ਚ ਪਹੁੰਚੇ ਲੀਡਰਾਂ ਵੱਲੋਂ ਆਪਣੀਆਂ ਫੋਟੋਆਂ ਖਿੱਚਵਾਉਣ ਲਈ ਤਰਲੋਮੱਛੀ ਹੁੰਦੇ ਰਹੇ ਅਤੇ ਧੱਕਮਧੱਕੀ ਹੁੰਦੇ ਹੋਏ ਪੇਂਟ ਦਾ ਕੰਮ ਪੂਰੇ ਜੋਸ਼ ਨਾਲ ਆਰੰਭ ਹੋ ਗਿਆ। ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਹਲਕਿਆਂ ਤੋਂ ਆਗੂਆਂ ਦੀ ਇਸ ਸੇਵਾ 'ਚ ਹਿੱਸਾ ਪਾਉਣ ਲਈ ਵੱਖ-ਵੱਖ ਦਿਨ ਨਿਰਧਾਰਿਤ ਕੀਤੇ ਜਾ ਰਹੇ ਹਨ। 

PunjabKesari

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਸੇਵਾ ਭਾਵੇਂ ਸ਼੍ਰੋਮਣੀ ਅਕਾਲੀ ਦਲ ਕਰੇਗਾ ਪਰ ਇਸ ਦੀ ਸਰਪ੍ਰਸਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰੇਗੀ। ਇਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਹੋਰ ਸੰਤ ਮਹਾਂਪੁਰਸ਼, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਵੱਡੀ ਗਿਣਤੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਅਤੇ ਉਪਰੰਤ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਆਯੋਜਿਤ ਗੁਰਮਤਿ ਸਮਾਗਮ 'ਚ ਸ਼ਾਮਿਲ ਹੋਏ ।


author

shivani attri

Content Editor

Related News