ਨਿਹੰਗ ਸਿੰਘਾਂ ਨੇ ਗੁ. ਅਕਾਲ ਬੁੰਗਾ ਸਾਹਿਬ ਸੁਲਤਾਨਪੁਰ ਲੋਧੀ ’ਤੇ ਕੀਤਾ ਕਬਜ਼ਾ, ਮਹੰਤ ਸਣੇ 2 ਨੂੰ ਬੰਨ੍ਹ ਕੇ ਕੁੱਟਿਆ

Wednesday, Nov 22, 2023 - 01:54 AM (IST)

ਸੁਲਤਾਨਪੁਰ ਲੋਧੀ (ਸੋਢੀ, ਧੀਰ) : ਗੁਰਦੁਆਰਾ ਅਕਾਲ ਬੁੰਗਾ ਸਾਹਿਬ ਯਾਦਗਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਛਾਉਣੀ ਨਿਹੰਗ ਸਿੰਘ ਬੁੱਢਾ ਦਲ ਜਿਸ ’ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਲ ਦਾ ਕਬਜ਼ਾ ਹੈ, ’ਤੇ ਮੰਗਲਵਾਰ ਸਵੇਰੇ ਬੁੱਢਾ ਦਲ ਦੇ ਦੂਜੇ ਧੜੇ ਦੇ ਮੁਖੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਦੀ ਅਗਵਾਈ 'ਚ ਨਿਹੰਗ ਸਿੰਘ ਜਥੇਬੰਦੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਜਬਰੀ ਹਮਲਾ ਕਰਕੇ ਡੇਰੇ ਅਤੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਗਿਆ।

ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕਪੂਰਥਲਾ ਦੇ DC ਨੇ ਜਾਰੀ ਕੀਤੇ ਇਹ ਹੁਕਮ

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਡੇਰੇ 'ਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੇ ਦਲ ਨਾਲ ਸਬੰਧਤ ਮਹੰਤ ਨਿਹੰਗ ਜਥੇ ਨਿਰਵੈਰ ਸਿੰਘ ਤੇ ਰਾਗੀ ਭਾਈ ਜਗਜੀਤ ਸਿੰਘ ਦੀਆਂ ਬਾਹਾਂ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਸਬੰਧੀ ਜਿਵੇਂ ਹੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਸੂਚਨਾ ਮਿਲੀ ਤਾਂ ਡੀ.ਐੱਸ.ਪੀ. ਬਬਨਦੀਪ ਸਿੰਘ ਤੇ ਐੱਸ.ਐੱਚ.ਓ. ਲਖਵਿੰਦਰ ਸਿੰਘ ਥਿੰਦ ਦੀ ਅਗਵਾਈ ’ਚ ਪੁਲਸ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਜ਼ਖ਼ਮੀ ਹਾਲਤ ਵਿੱਚ ਬੰਦੀ ਬਣਾਏ ਮਹੰਤ ਨਿਰਵੈਰ ਸਿੰਘ ਤੇ ਰਾਗੀ ਜਗਜੀਤ ਸਿੰਘ ਨੂੰ ਛੁਡਵਾ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਹੋਰ ਜਾਣਕਾਰੀ ਅਨੁਸਾਰ ਪੁਲਸ ਨੇ ਦੋਵੇਂ ਜ਼ਖ਼ਮੀਆਂ ਦੇ ਬਿਆਨਾਂ ’ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਤੇ ਹੋਰ ਵੱਡੀ ਗਿਣਤੀ 'ਚ ਨਿਹੰਗ ਸਿੰਘਾਂ ’ਤੇ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਇਸ ਡੇਰੇ ’ਤੇ ਪਹਿਲਾਂ ਕਾਬਜ਼ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦੇ ਦਲ ਨਾਲ ਸਬੰਧਤ ਵੱਡੀ ਗਿਣਤੀ ’ਚ ਨਿਹੰਗ ਸਿੰਘ ਸੁਲਤਾਨਪੁਰ ਲੋਧੀ ਪੁੱਜ ਗਏ ਤੇ ਕਿਸੇ ਤਰ੍ਹਾਂ ਦਾ ਟਕਰਾਅ ਰੋਕਣ ਲਈ ਪੁਲਸ ਨੇ ਉਨ੍ਹਾਂ ਨੂੰ ਤਲਵੰਡੀ ਪੁਲ ਸੁਲਤਾਨਪੁਰ ਲੋਧੀ ਵਿਖੇ ਰੋਕ ਛੱਡਿਆ।

PunjabKesari

ਇਸੇ ਦੌਰਾਨ ਘਟਨਾ ਸਥਾਨ 'ਤੇ ਐੱਸ.ਐੱਸ.ਪੀ. ਕਪੂਰਥਲਾ ਸ਼੍ਰੀਮਤੀ ਵਤਸਲਾ ਗੁਪਤਾ, ਐੱਸ. ਪੀ. ਹੈੱਡਕੁਆਰਟਰ ਤੇਜਵੀਰ ਸਿੰਘ ਹੁੰਦਲ, ਡੀ.ਐੱਸ.ਪੀ. (ਡੀ.) ਕਪੂਰਥਲਾ ਗੁਰਮੀਤ ਸਿੰਘ ਸਿੱਧੂ, ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਵੀ ਭਾਰੀ ਗਿਣਤੀ 'ਚ ਪੁਲਸ ਫੋਰਸ ਤੇ ਦੰਗਾ ਰੋਕੂ ਦਸਤੇ ਸਮੇਤ ਪਹੁੰਚ ਗਏ ਤੇ ਬੜੀ ਸੂਝ-ਬੂਝ ਨਾਲ ਅਮਨ-ਸ਼ਾਂਤੀ ਨੂੰ ਬਹਾਲ ਕਰਵਾਇਆ। ਇਸ ਸਮੇਂ ਕਿਸੇ ਤਰ੍ਹਾਂ ਦਾ ਟਕਰਾਅ ਰੋਕਣ ਲਈ ਪੁਲਸ ਵੱਲੋਂ ਪੂਰਾ ਦਿਨ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੀ ਘੇਰਾਬੰਦੀ ਕਰਕੇ ਪੂਰੀ ਨਿਗਰਾਨੀ ਰੱਖੀ ਗਈ।

ਇਹ ਵੀ ਪੜ੍ਹੋ : CM ਮਾਨ ਨੇ ਰਾਜਸਥਾਨ 'ਚ ਪ੍ਰਚਾਰ ਦੌਰਾਨ ਕੀਲੇ ਲੋਕ ਤੇ ਵਿਰੋਧੀਆਂ ਨੂੰ ਲਾਏ ਰਗੜੇ

ਯਾਦਗਾਰ ਨਵਾਬ ਕਪੂਰ ਸਿੰਘ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਦੇ ਦਫ਼ਤਰ ਮੂਹਰੇ ਬਾਬਾ ਮਾਨ ਸਿੰਘ ਆਪਣੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨਿਹੰਗ ਸਿੰਘਾਂ ਸਮੇਤ ਬੈਠੇ ਰਹੇ, ਜਿਨ੍ਹਾਂ ਨੂੰ ਸਮਝਾਉਣ ਲਈ ਐੱਸ. ਪੀ. ਹੈੱਡਕੁਆਰਟਰ ਕਪੂਰਥਲਾ ਤੇਜਵੀਰ ਸਿੰਘ ਹੁੰਦਲ, ਡੀ.ਐੱਸ.ਪੀ. ਡੀ. ਕਪੂਰਥਲਾ ਗੁਰਮੀਤ ਸਿੰਘ ਸਿੱਧੂ ਤੇ ਡੀ.ਐੱਸ.ਪੀ. ਬਬਨਦੀਪ ਸਿੰਘ ਲੁਬਾਣਾ ਪੂਰਾ ਦਿਨ ਸਰਗਰਮ ਰਹੇ। ਪੁਲਸ ਅਧਿਕਾਰੀਆਂ ਨੇ ਬਾਬਾ ਮਾਨ ਸਿੰਘ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਇਹ ਵਿਵਾਦ ਨਾ ਕੀਤਾ ਜਾਵੇ ਤੇ ਇਸੇ ਤਰ੍ਹਾਂ ਇਹ ਡੇਰਾ ਛੱਡ ਕੇ ਝਗੜਾ ਖ਼ਤਮ ਕੀਤਾ ਜਾਵੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਇਸ ਡੇਰੇ ਨੂੰ ਤਾਲਾ ਲਗਾ ਦਿੱਤਾ ਜਾਵੇਗਾ ਤੇ ਪ੍ਰਕਾਸ਼ ਪੁਰਬ ਜੋੜ ਮੇਲਾ ਲੰਘਣ ਉਪਰੰਤ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲਾ ਸੁਲਝਾ ਦਿੱਤਾ ਜਾਵੇਗਾ ਪਰ ਗੱਲ ਸ਼ਾਮ ਤੱਕ ਕਿਸੇ ਪਾਸੇ ਨਾ ਲੱਗੀ ਤਾਂ ਪੁਲਸ ਅਧਿਕਾਰੀ ਦੋਵਾਂ ਧੜਿਆਂ ਨੂੰ ਵੱਖ-ਵੱਖ ਤੌਰ ’ਤੇ ਬੇਨਤੀ ਕਰਕੇ ਦਫ਼ਤਰਾਂ ਨੂੰ ਪਰਤ ਗਏ।

ਇਹ ਵੀ ਪੜ੍ਹੋ : ਦਵਾਈ ਲੈਣ ਜਾ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ, ਸੋਚਿਆ ਨਹੀਂ ਸੀ ਜੋ ਹੋ ਗਿਆ

ਦੁਪਹਿਰ ਨੂੰ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਐੱਸ.ਡੀ.ਐੱਮ. ਸੁਲਤਾਨਪੁਰ ਲੋਧੀ ਜਸਪ੍ਰੀਤ ਸਿੰਘ, ਤਹਿਸੀਲਦਾਰ ਵਿਸ਼ਾਲ ਕੁਮਾਰ, ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ ਸੰਧੂ ਵੀ ਪੁੱਜੇ ਤੇ ਉਨ੍ਹਾਂ ਨੇ ਵੀ ਬਾਬਾ ਮਾਨ ਸਿੰਘ ਨੂੰ ਅਮਨ-ਸ਼ਾਂਤੀ ਬਣਾਉਣ ਤੇ ਪ੍ਰਕਾਸ਼ ਪੁਰਬ ਤੋਂ ਬਾਅਦ ਮਾਮਲਾ ਸੁਲਝਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਸ਼ਾਮ ਨੂੰ ਸੁਲਤਾਨਪੁਰ ਲੋਧੀ ਦੇ ਡੀ.ਐੱਸ.ਪੀ. ਦੀ ਬੇਨਤੀ ’ਤੇ ਐੱਸ.ਡੀ.ਐੱਮ. ਵੱਲੋਂ ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ ਸੰਧੂ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ, ਜੋ ਰਾਤ ਤੱਕ ਪੁਲਸ ਨਾਲ ਗੁਰਦੁਆਰਾ ਸਾਹਿਬ ਦੇ ਡੇਰੇ 'ਚ ਮੌਜੂਦ ਰਹੇ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਹੋਰ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਨਾ ਹੋਵੇ, ਇਸ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਅਮਨ-ਕਾਨੂੰਨ ਬਹਾਲ ਰੱਖਿਆ ਜਾਵੇਗਾ।

PunjabKesari

ਓਧਰ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਰਾਗੀ ਭਾਈ ਜਗਜੀਤ ਸਿੰਘ ਤੇ ਬਾਬਾ ਨਿਰਵੈਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਬਾ ਮਾਨ ਸਿੰਘ ਤੇ ਹੋਰ ਵੱਡੀ ਗਿਣਤੀ 'ਚ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਮਾਮਲੇ ਸਬੰਧੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਨੇ ਕਿਹਾ ਕਿ ਇਹ ਡੇਰਾ ਪਹਿਲਾਂ ਤੋਂ ਹੀ ਸਾਡਾ ਸੀ ਤੇ ਇਸ ’ਤੇ ਦੂਜੇ ਧੜੇ ਵੱਲੋਂ ਜਬਰੀ ਕਬਜ਼ਾ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਕੀਮਤ ’ਤੇ ਡੇਰਾ ਨਹੀਂ ਛੱਡਣਗੇ।

ਇਹ ਵੀ ਪੜ੍ਹੋ : ਸੋਨੀਆ-ਰਾਹੁਲ ਨੂੰ ਝਟਕਾ, ED ਨੇ AJL ਤੇ ਯੰਗ ਇੰਡੀਆ ਦੀ 751 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਉਥੇ ਹੀ ਪੁਲਸ ਅਧਿਕਾਰੀਆਂ ਨੇ ਸਿਰਫ ਇੰਨਾ ਹੀ ਕਿਹਾ ਕਿ ਦੋਵੇਂ ਧਿਰਾਂ ਦਾ ਟਕਰਾਅ ਨਹੀਂ ਹੋਣ ਦਿੱਤਾ ਜਾਵੇਗਾ ਤੇ ਅਮਨ-ਸ਼ਾਂਤੀ ਹਰ ਕੀਮਤ ’ਤੇ ਬਹਾਲ ਰੱਖੀ ਜਾਵੇਗੀ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ ਤੇ ਪ੍ਰਕਾਸ਼ ਪੁਰਬ ਜੋੜ ਮੇਲੇ ’ਤੇ ਕਿਸੇ ਨੂੰ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਦੇ ਵੱਡੀ ਗਿਣਤੀ ’ਚ ਕਰਮਚਾਰੀ ਸੰਗਤਾਂ ਦੀ ਸੁਰੱਖਿਆ ਲਈ ਨਿਯੁਕਤ ਕੀਤੇ ਗਏ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਵੇਗੀ ਤੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News