ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਦੇ ਸਮਾਗਮ ਮੀਂਹ ਤੇ ਗੜ੍ਹਿਆਂ ਨਾਲ ਹੋਏ ਸਿੱਲ੍ਹੇ

11/08/2019 10:51:19 AM

ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ (ਸੋਢੀ, ਵਤਨ) : ਸ਼ੁੱਕਰਵਾਰ ਪੰਜਾਬ 'ਚ ਮੀਂਹ ਕਾਰਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮ ਸਿੱਲ੍ਹੇ ਹੋ ਗਏ। ਦੂਰ-ਦੁਰਾਡੇ ਤੋਂ ਸੁਲਤਾਨਪੁਰ ਲੋਧੀ ਪੁੱਜੀਆਂ ਸੰਗਤਾਂ ਨੂੰ ਭਾਰੀ ਔ ਕੜਾਂ ਦਾ ਸਾਹਮਣਾ ਕਰਨਾ ਪਿਆ। ਗੜੇਮਾਰੀ ਨਾਲ ਠੰਡ ਹੋਰ ਵੱਧ ਗਈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਆਲੇ-ਦੁਆਲੇ ਦੇ ਵਰਾਂਡਿਆਂ ਤੇ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਖੜ੍ਹ ਕੇ ਆਪਣਾ ਬਚਾਅ ਕੀਤਾ। ਮੀਂਹ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਕੰਪਲੈਕਸ ਦੇ ਸਾਰੇ ਮੈਟ ਪਾਣੀ ਨਾਲ ਭਰ ਗਏ ਤੇ ਵੱਖ-ਵੱਖ ਥਾਵਾਂ 'ਤੇ ਲਾਏ ਹੋਏ ਟੈਂਟ ਵੀ ਪਾਣੀ ਨਾਲ ਚੋਣ ਲੱਗ ਪਏ। ਸੁਲਤਾਨਪੁਰ ਲੋਧੀ ਦੀ ਟੈਂਟ ਸਿਟੀ 'ਚ ਭਾਵੇਂ ਵਾਟਰ ਪਰੂਫ ਟੈਂਟ ਦੇ ਕਮਰੇ ਤੇ ਹਾਲ ਬਣੇ ਹੋਏ ਹਨ ਪਰ ਬਾਹਰ ਬਣਾਈਆਂ ਸੜਕਾਂ 'ਤੇ ਰੱਖੇ ਸਾਰੇ ਮੈਟ ਆਦਿ ਪਾਣੀ ਨਾਲ ਭਿੱਜ ਗਏ।
PunjabKesari
ਸੁਲਤਾਨਪੁਰ ਲੋਧੀ 'ਚ ਗੁਰੂ ਕੇ ਲੰਗਰਾਂ ਲਈ ਲਾਏ ਪੰਡਾਲ ਵੀ ਪਾਣੀ ਭਰਨ ਨਾਲ ਕਾਫੀ ਪ੍ਰਭਾਵਿਤ ਹੋਏ। ਤੇਜ਼ ਹਵਾਵਾਂ ਨੇ ਕਈ ਜਗ੍ਹਾ ਟੈਂਟ ਆਦਿ ਨੂੰ ਵੀ ਨੁਕਸਾਨ ਪਹੁੰਚਾਉਣ ਦੀਆਂ ਖਬਰਾਂ ਹਨ। ਮੀਂਹ ਹਟਦੇ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵਲੋਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਤੇ ਸਫਾਈ ਕੀਤੀ। ਜਿਸ ਤੋਂ ਬਾਅਦ ਸੰਗਤਾਂ ਵਲੋਂ ਮੁੜ ਦਰਸ਼ਨਾਂ ਲਈ ਭੀੜ ਲੱਗ ਗਈ।
PunjabKesari
ਉਧਰ ਡੇਰਾ ਬਾਬਾ ਨਾਨਕ ਵਿਖੇ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ 'ਚ ਰੁਕਾਵਟ ਪੈਦਾ ਕਰ ਦਿੱਤੀ ਹੈ ਅਤੇ ਸਾਰੇ ਸਵਾਗਤੀ ਸਮਾਗਮਾਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਹੈ। ਡੇਰਾ ਬਾਬਾ ਨਾਨਕ 'ਚ ਪਈ ਤੇਜ਼ ਬਰਸਾਤ ਕਾਰਣ ਪ੍ਰਸ਼ਾਸਨ ਵਲੋਂ ਬਣਾਈ ਗਈ ਪਾਰਕਿੰਗ 'ਚ ਕਾਫੀ ਚਿੱਕੜ ਹੋ ਗਿਆ, ਜਿਸ ਕਾਰਣ ਪ੍ਰਸ਼ਾਸਨ ਅਤੇ ਪੁਲਸ ਨੂੰ ਆਪਣੇ ਵਾਹਨਾਂ ਨੂੰ ਕੱਢਣ 'ਚ ਹੀ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ ਅਤੇ ਟੈਂਟ ਸਿਟੀ 'ਚ ਪਾਣੀ ਖੜ੍ਹਾ ਹੋ ਗਿਆ ਹੈ ਅਤੇ ਟੈਂਟ ਸਿਟੀ 'ਚ ਵਿਛਾਏ ਮੈਟ ਪੂਰੀ ਤਰ੍ਹਾਂ ਗਿੱਲੇ ਹੋ ਗਏ ਹਨ। ਇਨ੍ਹਾਂ ਨੂੰ ਸਾਫ ਕਰਨ ਦਾ ਕੰਮ ਚਲਾਇਆ ਜਾ ਰਿਹਾ ਹੈ।
PunjabKesari
ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਪਿਛਲੇ ਇਕ ਮਹੀਨੇ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਡੇਰਾ ਬਾਬਾ ਨਾਨਕ ਲੋਕ ਉਤਸਵ ਦੀਆਂ ਤਿਆਰੀਆਂ 'ਤੇ ਅੱਜ ਤੇਜ਼ ਬਾਰਸ਼ ਅਤੇ ਹਨ੍ਹੇਰੀ ਨੇ ਪਾਣੀ ਫੇਰ ਕੇ ਰੱਖ ਦਿੱਤਾ ਅਤੇ ਲੋਕ ਉਤਸਵ ਦੇ ਰੰਗਾਂ 'ਚ ਭੰਗ ਪਾ ਦਿੱਤਾ। ਬਾਰਸ਼ ਕਾਰਣ ਜਿਥੇ ਪੰਡਾਲ ਦੇ ਬਾਹਰਲੇ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ, ਉਥੇ ਸਮਾਗਮਾਂ ਵਾਲੀ ਥਾਂ 'ਤੇ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਣ ਪ੍ਰਬੰਧਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟੈਂਟ ਸਿਟੀ ਦੇ ਕੰਪਲੈਕਸ 'ਚ ਪਾਣੀ ਭਰ ਗਿਆ ਅਤੇ ਉਥੇ ਆਉਣਾ-ਜਾਣਾ ਮੁਸ਼ਕਲ ਹੋ ਗਿਆ।

PunjabKesariਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 'ਜਗ ਬਾਣੀ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰਸ਼ ਕਾਰਣ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਰਸ਼ ਕਾਰਣ ਸਾਰੀਆਂ ਜਗ੍ਹਾਵਾਂ 'ਤੇ ਪਾਣੀ ਖੜ੍ਹਾ ਹੋ ਗਿਆ ਹੈ, ਪਾਰਕਿੰਗ ਵਾਲੀ ਥਾਂ 'ਤੇ ਦਲਦਲ ਜਿਹੀ ਬਣ ਗਈ ਹੈ ਅਤੇ ਉਥੇ ਵਾਹਨ ਖੜ੍ਹੇ ਕਰਨੇ ਮੁਸ਼ਕਲ ਹਨ ਅਤੇ ਸੰਗਤਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਅੱਜ ਸ਼ੁੱਕਰਵਾਰ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ।


Baljeet Kaur

Content Editor

Related News