ਖਹਿਰਾ ਨੇ ਕੀਤੀ ਮੰਗ, ਵਿਰੋਧੀ ਧਿਰ ਦਾ ਨੇਤਾ ਦੁਬਾਰਾ ਚੁਣਿਆ ਜਾਵੇ (ਵੀਡੀਓ)

Wednesday, Oct 24, 2018 - 06:49 PM (IST)

ਜਲੰਧਰ - ਬੀਤੇ ਦਿਨ ਪਾਰਟੀ ਦੇ ਅਹੁਦੇਦਾਰਾਂ ਦਾ ਐਲਾਨ ਕਰਨ ਤੋਂ ਬਾਅਦ 'ਆਪ' ਦੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਸੀਂ ਆਪਣੇ ਸਾਥੀਆਂ ਦੇ ਦੋਹਰੇ ਮਾਪਦੰਡਾਂ ਤੋਂ ਨਿਰਾਸ਼ ਹਾਂ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਪਾਰਟੀ ਨੇ ਗੱਲਬਾਤ ਕਰਨ ਲਈ ਮੀਟਿੰਗ ਕੀਤੀ ਸੀ ਪਰ ਇਸ ਮੀਟਿੰਗ 'ਚ ਇਕਪਾਸੜ ਫੈਸਲਾ ਲੈਂਦੇ ਹੋਏ ਪਾਰਟੀ ਨੇ 14 ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ, ਕੀ ਇਹ ਏਕਤਾ ਦਾ ਰਾਹ ਹੈ? ਉਨ੍ਹਾਂ ਕਿਹਾ ਕਿ ਅਗਲੀ ਗੱਲਬਾਤ ਹੁਣ ਉਦੋਂ ਹੀ ਹੋਵੇਗੀ ਜਦੋਂ ਇਕਤਰਫਾ ਕੀਤੀਆਂ ਗਈਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਇਕਾਈ ਦੀ ਪ੍ਰੈਜ਼ੀਡੈਂਟ ਦੀ ਚੋਣ ਪੰਜਾਬ ਦੇ ਲੋਕਾਂ ਵਲੋਂ ਕੀਤੀ ਜਾਵੇਗੀ ਅਤੇ ਵਿਰੋਧੀ ਧਿਰ ਦਾ ਆਗੂ ਦੁਬਾਰਾ ਚੁਣਿਆ ਜਾਵੇਗਾ। ਐੱਮ.ਪੀ. ਦੀਆਂ 13 ਟਿਕਟਾਂ ਦਾ ਫੈਸਲਾ ਪੰਜਾਬ ਦੇ ਲੋਕਾਂ ਵਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਧਰਮਵੀਰ ਗਾਂਧੀ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਨਾਲ ਮਿਲਾਉਣ ਦੀ ਗੱਲਬਾਤ ਕਰਨਗੇ। ਉਨ੍ਹਾਂ ਨੇ ਹੁਣ ਮੁੱਦਿਆਂ 'ਤੇ ਆਧਾਰ 'ਤੇ 'ਆਪ' ਦੀ ਰਾਜਨੀਤੀ ਕਰਨ ਦੀ ਗੱਲ ਕਹੀ।

ਸੁਖਪਾਲ ਖਹਿਰਾ ਨੇ ਅੰਮ੍ਰਿਤਸਰ ਰੇਲ ਹਾਦਸੇ ਦੇ ਸਬੰਧ 'ਚ ਗੱਲਬਾਤ ਕਰਦਿਆਂ ਕਿਹਾ ਕਿ ਇਸ ਹਾਦਸੇ ਕਾਰਨ 60 ਤੋਂ ਵਧ ਲੋਕਾਂ ਦੀ ਮੌਤ ਹੋ ਜਾਣ ਦੀ ਗੱਲ ਦੱਸੀ ਜਾ ਰਹੀ ਹੈ ਜਦਕਿ ਇਸ ਹਾਦਸੇ ਕਾਰਨ ਇਸ ਤੋਂ ਵਧ ਲੋਕਾਂ ਦੇ ਮਰਨ ਦਾ ਸ਼ੱਕ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਬਾਰੇ ਕੁਝ ਵਿਚਾਰ ਦਿੱਤੇ ਸਨ, ਉਸ 'ਚੋਂ ਮੇਰੀ ਗੱਲ ਦਾ ਇਕ ਲਫਜ਼ ਚੁੱਕ ਕੇ ਉਸ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ, ਜਿਵੇਂ ਅਸੀਂ ਇਸ ਹਾਦਸੇ ਨੂੰ ਬਹੁਤ ਛੋਟਾ ਹਾਦਸਾ ਕਰਾਰ ਦਿੱਤਾ, ਜੋ ਕਿ ਗਲਤ ਸੀ। ਅਸੀਂ ਇਸ ਹਾਦਸੇ ਨੂੰ ਤ੍ਰਾਸਦੀ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਹਾਦਸੇ 'ਚ ਅਣਪਛਾਤੇ ਵਿਅਕਤੀਆਂ 'ਤੇ ਐੱਫ.ਆਈ.ਆਰ. ਦਰਜ ਕਰ ਦਿੱਤੀ ਹੈ। ਪੰਜਾਬ ਸਰਕਾਰ 5 ਲੱਖ ਰੁਪਏ ਦੇ ਕੇ ਪੀੜਤਾ ਦੀ ਮਦਦ ਕਰ ਰਹੀ ਹੈ, ਜੋ ਇਕ ਕੋਝਾ ਮਾਜ਼ਾਕ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਿਛਲੇ ਤਿੰਨ ਦਿਨਾਂ ਤੋਂ ਇਸ ਹਾਦਸੇ ਲਈ ਸਿੱਧੂ ਜੋੜੀ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਬਾਦਲ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਬਰਗਾੜੀ ਬਹਿਬਲ ਕਲਾਂ ਗੋਲੀ ਕਾਂਡ ਤੁਹਾਡੇ ਰਾਜ 'ਚ ਹੋਇਆ ਸੀ, ਉਸ ਸਮੇਂ ਅਣਪਛਾਤੇ ਵਿਅਕਤੀਆਂ ਖਿਲਾਫ ਐੱਫ.ਆਈ.ਆਰ ਦਰਜ ਕਿਉਂ ਕੀਤੀ ਗਈ ਸੀ।  

ਬਾਦਲ ਨੇ ਪੰਜਾਬ ਸਰਕਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕਹਿਣ 'ਤੇ ਖਹਿਰਾ ਨੇ ਕਿਹਾ ਕਿ ਬਾਦਲ ਨੇ ਆਪਣੇ ਸਮੇਂ ਕਿਸੇ ਵੀ ਇਕ ਇਨਸਾਨ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੈ, ਜੋ ਉਹ ਹੁਣ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਨੇ ਸੜਕ ਹਾਦਸੇ 'ਚ ਮੌਤ ਹੋ ਜਾਣ 'ਤੇ ਇਕ ਲੜਕੀ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਸੀ, ਜੋ ਉਨ੍ਹਾਂ ਨੇ ਆਪਣੇ ਵਲੋਂ ਨਹੀਂ ਸਗੋਂ ਸਰਕਾਰ ਦੇ ਖਾਤੇ 'ਚੋਂ ਦਿੱਤਾ ਸੀ। ਬਾਦਲਾਂ ਨੇ ਆਪਣੀ ਜਿੰਦਗੀ 'ਚ ਕਦੇ ਕਿਸੇ ਨੂੰ ਕਰੋੜ ਰੁਪਏ ਦਿੱਤੇ ਹੀ ਨਹੀਂ। ਉਨ੍ਹਾਂ ਕਿਹਾ ਕਿ ਬਾਦਲ ਹੁਣ ਤੱਕ ਆਪਣੇ ਇਲਾਜ ਦੇ ਪੈਸੇ ਸਰਕਾਰੀ ਖਜ਼ਾਨੇ 'ਚੋਂ ਲੈ ਰਹੇ ਹਨ। ਬਾਦਲਾਂ ਨੇ ਆਪਣੇ ਰਾਜ 'ਚ ਇਨਸਾਫ ਨਹੀਂ ਬੇਇਨਸਾਫ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਬਹੁਤ ਵੱਡਾ ਕਲੰਕ ਲੱਗਾ ਹੋਇਆ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇੰਟਰਵਿਊ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਮੋਰਚੇ 'ਚ ਜਾ ਕੇ ਬੈਠ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। 


Related News