ਖਹਿਰਾ ਨੇ ਖਿੱਚੀਆਂ ਇਨਸਾਫ ਮਾਰਚ ਦੀਆਂ ਤਿਆਰੀਆਂ

12/07/2018 4:46:15 PM

ਤਲਵੰਡੀ ਸਾਬੋ(ਮਨੀਸ਼)— ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਸਬੰਧੀ ਸਿੱਖ ਕੌਮ ਦੇ ਚੌਥੇ ਤਖ਼ਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ 8 ਦਸੰਬਰ ਨੂੰ ਆਰੰਭ ਕੀਤੇ ਜਾ ਰਹੇ ਇਨਸਾਫ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਸਾਥੀ ਆਗੂਆਂ ਸਮੇਤ ਤਲਵੰਡੀ ਸਾਬੋ ਪੁੱਜੇ ਤੇ ਮਾਰਚ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ। ਇਸ ਸਮੇਂ ਸੁਖਪਾਲ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਨਸਾਫ ਮਾਰਚ ਦੀਆਂ ਤਿਆਰੀਆਂ ਮੁਕੰੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਦਮਦਮਾ ਸਾਹਿਬ ਤੋਂ ਪਟਿਆਲਾ ਤੱਕ ਪੈਦਲ ਕੱਢੇ ਜਾਣ ਵਾਲੇ ਮਾਰਚ ’ਚ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ, ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਅਤੇ ‘ਆਪ’ ਦੇ 8 ਵਿਧਾਇਕ ਸ਼ਮੂਲੀਅਤ ਕਰਨਗੇ। ਇਨਸਾਫ ਮਾਰਚ ਇਕ ਹਫਤੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਪੁੱਜੇਗਾ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਪਹਿਲਾ ਅਕਾਲੀ-ਭਾਜਪਾ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੁਣ ਕਾਂਗਰਸ ਉਸੇ ਕਦਮ ’ਤੇ ਚੱਲ ਰਹੀ ਹੈ, ਜਿਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਮੂਲੀਅਤ ਕਰਨਗੇ।

ਖਹਿਰਾ ਨੇ ਐਤਵਾਰ ਨੂੰ ਖਤਮ ਕੀਤੇ ਜਾ ਰਹੇ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੂੰ ਇਕ ਵਾਰ ਫਿਰ ਮੁਡ਼ ਸੋਚਣ ਦੀ ਸਲਾਹ ਦਿੰਦੇ ਹੋਏ ਖਦਸ਼ਾ ਪ੍ਰਗਟ ਕੀਤਾ ਹੈ ਕਿ ਸਰਕਾਰੀ ਆਗੂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਾਅਦੇ ਤੋਂ ਮੁਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚਕਾਰ ਹੋਏ ਲਿਖਤੀ ਅਨੰਦਪੁਰ ਸਾਹਿਬ ਮਤੇ ਤੋਂ ਸਰਕਾਰ ਭੱਜ ਸਕਦੀ ਹੈ ਤਾਂ ਹੁਣ ਭੱਜਣਾ ਕੀ ਮੁਸ਼ਕਲ ਹੈ। ਖਹਿਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਅਤੇ ਸੂਬੇ ਅੰਦਰ ਕਿਸਾਨੀ ਦੀ ਹੋਈ ਮਾਡ਼ੀ ਦਸ਼ਾ ਦਾ ਦੋਸ਼ੀ ਬਾਦਲ ਪਰਿਵਾਰ ਨੂੰ ਗਰਦਾਨਿਆ। ਇਸ ਮੌਕੇ ਖਹਿਰਾ ਨਾਲ ਹਲਕਾ ਮੌਡ਼ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਕਸ਼ਮੀਰ ਸਿੰਘ ਸੰਗਤ ਤੋਂ ਇਲਾਵਾ ਉਨ੍ਹਾਂ ਦੇ ਸਮਰਥਕ ਹਾਜ਼ਰ ਸਨ। 


cherry

Content Editor

Related News