ਚੰਨੀ ਦਾ ਰਿਸ਼ਤੇਦਾਰ ਮਲਿਕਪੁਰ ਮਾਈਨ ''ਚ ਪਾਰਟਨਰ : ਖਹਿਰਾ
Tuesday, Mar 13, 2018 - 06:28 AM (IST)

ਚੰਡੀਗੜ੍ਹ(ਸ਼ਰਮਾ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਇਕ ਵਾਰ ਫਿਰ ਘੜੀਸਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਕੇ ਸਾਂਢੂ ਦਾ ਬੇਟਾ ਭੁਪਿੰਦਰ ਸਿੰਘ ਉਰਫ ਹਨੀ ਸਰਕਾਰ ਵਲੋਂ ਅਲਾਟ ਕੀਤੀ ਮਲਿਕਪੁਰ ਖੱਡ ਵਿਚ ਪਾਰਟਨਰ ਹੈ। ਇਹ ਖੱਡ ਉਨ੍ਹਾਂ 6 ਖੱਡਾਂ ਵਿਚੋਂ ਇਕ ਹੈ, ਜਿਨ੍ਹਾਂ ਵਿਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਕਾਰਵਾਈ ਹੋਈ ਹੈ। ਸੋਮਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਉਕਤ ਖੱਡ ਪੰਜਾਬ ਰੀਐਲਟਰ ਨਾਂ ਦੀ ਜਿਸ ਕੰਪਨੀ ਨੂੰ ਅਲਾਟ ਕੀਤੀ ਹੋਈ ਹੈ, ਉਸ ਵਿਚ ਕੁਦਰਤਦੀਪ ਸਿੰਘ, ਭੁਪਿੰਦਰ ਸਿੰਘ ਉਰਫ਼ ਹਨੀ ਕਾਰੋਬਾਰੀ ਸਹਿਯੋਗੀ ਹਨ ਤੇ ਭੁਪਿੰਦਰ ਸਿੰਘ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਂਢੂ ਦਾ ਬੇਟਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਖੱਡ ਹਾਸਿਲ ਕਰਨ ਲਈ ਕੀਤੇ ਗਏ ਨਿਵੇਸ਼ ਦੇ ਸਰੋਤ ਦੀ ਜਾਂਚ ਹੋਣੀ ਚਾਹੀਦੀ ਹੈ। ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਕਤ ਖੱਡ ਦੀ ਅਲਾਟਮੈਂਟ ਵਿਚ ਲੱਗੇ ਧਨ ਦੇ ਸਰੋਤ ਦੀ ਜਾਂਚ ਕਰਨ ਲਈ ਕਮਿਸ਼ਨ ਗਠਿਤ ਕਰਨ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਜ਼ਿੰਮੇਵਾਰੀ ਰਾਣਾ ਗੁਰਜੀਤ ਦੇ ਮਾਮਲੇ ਦੀ ਜਾਂਚ ਕਰ ਚੁੱਕੇ ਜਸਟਿਸ ਨਾਰੰਗ ਨੂੰ ਹੀ ਦੇ ਦਿੱਤੀ ਜਾਵੇ ਤਾਂ ਕਿ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇ ਕੇ ਕੀਤੀ ਗਈ ਗਲਤੀ ਨੂੰ ਉਹ ਸੁਧਾਰ ਸਕਣ। ਖਹਿਰਾ ਨੇ ਇਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਵੀ ਸ਼ਲਾਘਾ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਤੇ ਉਸ ਦੀ ਭੈਣ ਪ੍ਰਿਯੰਕਾ ਆਪਣੇ ਪਿਤਾ ਰਾਜੀਵ ਗਾਂਧੀ ਦੇ ਹੱਤਿਆਰਿਆਂ ਨੂੰ ਮੁਆਫ ਕਰ ਚੁੱਕੇ ਹਨ। ਖਹਿਰਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਆਪਣੇ ਨੇਤਾਵਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਦੀ ਹੀ ਤਰ੍ਹਾਂ ਬੇਅੰਤ ਸਿੰਘ ਦੇ ਹੱਤਿਆਰਿਆਂ ਨੂੰ ਮਨੁੱਖਤਾ ਦੇ ਆਧਾਰ 'ਤੇ ਮੁਆਫ਼ ਕਰ ਦੇਣ, ਕਿਉਂਕਿ ਇਹ ਕੋਈ ਨਿੱਜੀ ਦੁਸ਼ਮਣੀ ਦਾ ਨਤੀਜਾ ਨਹੀਂ ਸੀ।