ਬਾਦਲ ਘੱਟ ਗਿਣਤੀਆਂ ਪ੍ਰਤੀ ਦੋਹਰਾ ਮਾਪਦੰਡ ਅਪਣਾ ਰਿਹੈ : ਖਹਿਰਾ

02/16/2020 11:45:23 AM

ਚੰਡੀਗੜ੍ਹ (ਸ਼ਰਮਾ) - ਇਥੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਘੱਟ ਗਿਣਤੀਆਂ ਪ੍ਰਤੀ ਦੋਹਰੇ ਮਾਪਦੰਡ ਅਪਨਾਉਣ ਵਾਲੇ ਵੱਡੇ ਬਾਦਲ ’ਤੇ ਹਮਲਾ ਕੀਤਾ। ਖਹਿਰਾ ਨੇ ਕਿਹਾ ਕਿ ਘੱਟ ਗਿਣਤੀਆਂ ਨਾਲ ਹੋ ਰਹੀਆਂ ਵਧੀਕੀਆਂ ਦਾ ਮੁੱਦਾ ਉਠਾ ਬਾਦਲ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਸਿੱਖ ਵਿਰੋਧੀ ਕਾਰਿਆਂ ਕਾਰਣ ਸਿੱਖ ਕੌਮ ’ਚ ਆਪਣੇ ਗੁਆਚੇ ਹੋਏ ਅਕਸ ਨੂੰ ਮੁੜ ਬਹਾਲ ਕਰਨਾ ਚਾਹੁੰਦੇ ਹਨ। ਨਾਲ ਹੀ ਭਾਜਪਾ ’ਤੇ ਅਕਾਲੀ ਦਲ ਨਾਲੋਂ ਗਠਜੋੜ ਨਾ ਤੋੜਨ ਦਾ ਦਬਾਅ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਇਕਦਮ ਘੱਟ ਗਿਣਤੀਆਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਿਵੇਂ ਹੋ ਗਏ, ਜਦਕਿ ਉਨ੍ਹਾਂ ਦੀ ਪਾਰਟੀ ਹਾਲ ’ਚ ਜੰਮੂ-ਕਸ਼ਮੀਰ ’ਚੋਂ ਆਰਟੀਕਲ 370 ਨੂੰ ਰੱਦ ਕੀਤੇ ਜਾਣ ਦੇ ਹੱਕ ’ਚ ਭੁਗਤੀ ਸੀ?

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ਼ ਆਰਟੀਕਲ 370 ਖਤਮ ਕੀਤੇ ਜਾਣ ਲਈ ਵੋਟ ਪਾਈ ਸਗੋਂ ਇਸ ਨੇ ਜੰਮੂ-ਕਸ਼ਮੀਰ ਨੂੰ 2 ਹਿੱਸਿਆਂ ’ਚ ਵੰਡੇ ਜਾਣ ਦੀ ਹਮਾਇਤ ਵੀ ਕੀਤੀ ਸੀ। ਜੋ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਤੇ ਫੈੱਡਰਲ ਭਾਰਤ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਕਦਮ ਹੈ। ਖਹਿਰਾ ਨੇ ਬਾਦਲ ਨੂੰ ਪੁੱਛਿਆ ਕਿ ਆਰ. ਐੱਸ. ਐੱਸ. ਅਤੇ ਭਾਜਪਾ ਆਗੂਆਂ ਵਲੋਂ ਮੁੜ-ਮੁੜ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਏ ਜਾਣ ਦੇ ਕੀਤੇ ਗਏ ਦਾਅਵਿਆਂ ’ਤੇ ਉਨ੍ਹਾਂ ਕਿਉਂ ਮੌਨ ਧਾਰੀ ਰੱਖਿਆ? ਖਹਿਰਾ ਨੇ ਬਾਦਲ ਨੂੰ ਯਾਦ ਦਿਵਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਉਪਰੰਤ ਬਹਿਬਲ ਕਲਾਂ ਪੁਲਸ ਫਾਇਰਿੰਗ ’ਚ 2 ਸਿੱਖਾਂ ਦੇ ਮਾਰੇ ਜਾਣ ਵਾਲੇ ਉਨ੍ਹਾਂ ਦੇ ਸਿੱਖ ਵਿਰੋਧੀ ਕਾਰਿਆਂ ਨੂੰ ਸਿੱਖ ਕੌਮ ਅਜੇ ਭੁੱਲੀ ਨਹੀਂ ਹੈ।

ਖਹਿਰਾ ਨੇ ਮੰਗ ਕੀਤੀ ਕਿ ਬਾਦਲ ਸਪੱਸ਼ਟ ਕਰਨ ਕਿ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ’ਚ ਮਾਰਨ ਵਾਲੇ ਸੁਮੇਧ ਸਿੰਘ ਸੈਣੀ ਨੂੰ ਉਨ੍ਹਾਂ ਦੀ ਅਖੌਤੀ ਪੰਥਕ ਸਰਕਾਰ ਨੇ ਡੀ. ਜੀ. ਪੀ. ਕਿਉਂ ਨਿਯੁਕਤ ਕੀਤਾ? ਉਨ੍ਹਾਂ ਕਿਹਾ ਕਿ ਬਾਦਲ ਅਤੇ ਉਨ੍ਹਾਂ ਦੀ ਜੁੰਡਲੀ ਸ਼ਰਾਰਤੀ ਢੰਗ ਨਾਲ ਘੱਟ ਗਿਣਤੀਆਂ ਦੇ ਮੁੱਦੇ ਉਠਾ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਤਾਂ ਕਿ ਉਹ ਸਿੱਖਾਂ ’ਚ ਡਿੱਗ ਰਹੀ ਆਪਣੀ ਸਾਖ ਨੂੰ ਬਚਾ ਸਕਣ, ਜੋ 2017 ਪੰਜਾਬ ਚੋਣਾਂ ’ਚ ਸਪੱਸ਼ਟ ਹੋ ਗਿਆ ਸੀ ਅਤੇ ਹੁਣ ਫਿਰ ਦਿੱਲੀ ਦੇ ਨਤੀਜਿਆਂ ਨੇ ਸਾਫ਼ ਕਰ ਦਿੱਤਾ ਕਿ ਸਿੱਖਾਂ ਨੇ ਅਕਾਲੀ ਲੀਡਰਸ਼ਿਪ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ।


rajwinder kaur

Content Editor

Related News