ਕਾਫਿਲਾ ਲੈ ਕੇ ਚੱਲੇ ਸਨ ਖਹਿਰਾ, ਇਕੱਲੇ ਰਹਿ ਗਏ

10/24/2019 5:02:35 PM

ਚੰਡੀਗੜ੍ਹ (ਰਮਨਜੀਤ) : ਵਧੀਆ ਰਾਜਨੀਤਕ ਭਵਿੱਖ ਦੀ ਸੰਭਾਵਨਾ ਲੈ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਕਾਫ਼ੀ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਦੇ ਵੱਡੇ ਅਹੁਦੇ ਤੱਕ ਵੀ ਪੁੱਜੇ। ਇਸ ਵੱਡੇ ਅਹੁਦੇ ਤੋਂ ਹਟਾਏ ਜਾਣ 'ਤੇ ਉਨ੍ਹਾਂ ਬਗਾਵਤ ਦਾ ਝੰਡਾ ਵੀ ਚੁੱਕਿਆ ਅਤੇ 9 ਵਿਧਾਇਕਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਕੁਲ 20 ਵਿਧਾਇਕਾਂ ਦੇ ਦਲ ਨੂੰ 2 ਗੁੱਟਾਂ 'ਚ ਵੀ ਵੰਡਿਆ ਅਤੇ ਕਾਫ਼ੀ ਸਮੇਂ ਤੱਕ ਲੰਮਾ ਕਾਫਿਲਾ ਲੈ ਕੇ ਚਲਦੇ ਰਹੇ ਪਰ ਇਕ-ਇਕ ਕਰ ਕੇ ਕਰੀਬ ਸਾਰੇ ਵਿਧਾਇਕ ਸਾਥ ਛੱਡ ਗਏ ਅਤੇ ਵਿਧਾਨ ਸਭਾ ਦੇ ਢਾਈ ਸਾਲ ਹੁੰਦੇ-ਹੁੰਦੇ ਸੁਖਪਾਲ ਸਿੰਘ ਖਹਿਰਾ ਰਾਜਨੀਤਕ ਤੌਰ 'ਤੇ ਇਕੱਲੇ ਰਹਿ ਗਏ। ਰਾਜਨੀਤਕ ਗਲਿਆਰਿਆਂ 'ਚ ਚਰਚਾ ਹੈ ਕਿ ਖੁਦ ਨੂੰ ਸਰਗਰਮ ਰਾਜਨੀਤੀ 'ਚ ਬਣਾਏ ਰੱਖਣ ਲਈ ਹੀ ਖਹਿਰਾ ਨੇ ਆਪਣਾ ਅਸਤੀਫ਼ਾ ਵਾਪਸ ਲੈ ਕੇ ਫਿਲਹਾਲ ਉਪ ਚੋਣਾਂ ਦਾ ਸਾਹਮਣਾ ਨਾ ਕਰਨ ਦਾ ਫੈਸਲਾ ਕੀਤਾ ਹੈ।

ਆਮ ਆਦਮੀ ਪਾਰਟੀ 'ਚ ਕਈ ਮਹੀਨੇ ਤੱਕ ਬਗਾਵਤ ਦੇ ਝੰਡਾ ਬਰਦਾਰ ਬਣੇ ਰਹੇ ਸੁਖਪਾਲ ਸਿੰਘ ਖਹਿਰਾ ਵਲੋਂ ਬਠਿੰਡਾ ਕਨਵੈਂਸ਼ਨ ਦਾ ਐਲਾਨ ਕੀਤੇ ਜਾਣ ਸਮੇਂ ਉਨ੍ਹਾਂ ਨਾਲ ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਹਿੱਸੋਵਾਲ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਖੜ੍ਹੇ ਦਿਖਾਈ ਦਿੱਤੇ ਸਨ ਪਰ ਹਾਈਕਮਾਨ ਵਲੋਂ ਖਹਿਰਾ ਦੀ ਕਨਵੈਂਸ਼ਨ ਨੂੰ ਪਾਰਟੀ ਵਿਰੋਧੀ ਕਰਾਰ ਦਿੱਤੇ ਜਾਣ ਦੇ ਤਤਕਾਲ ਬਾਅਦ ਸਭ ਤੋਂ ਪਹਿਲਾਂ ਰੁਪਿੰਦਰ ਕੌਰ ਰੂਬੀ ਨੇ ਖਹਿਰਾ ਦੇ ਨਾਲ ਚੱਲਣਾ ਬੰਦ ਕੀਤਾ। ਕੁਝ ਮਹੀਨੇ ਤੱਕ ਖਹਿਰਾ ਨਾਲ 'ਪੰਜਾਬ ਦੀ ਖੁਦਮੁਖਤਿਆਰੀ' ਲਈ ਲੜਨ ਤੋਂ ਬਾਅਦ ਜੈ ਕਿਸ਼ਨ ਸਿੰਘ ਰੋੜੀ ਵੀ ਵਾਪਸ ਪਾਰਟੀ 'ਚ ਚਲੇ ਗਏ। ਇਸ ਤੋਂ ਬਾਅਦ ਖਹਿਰਾ ਵਲੋਂ ਨਵੀਂ ਪਾਰਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਅਤੇ ਹੋਰ ਰਾਜਨੀਤਕ ਪਾਰਟੀਆਂ ਨਾਲ ਮਿਲ ਕੇ ਨਵਾਂ ਸਾਂਝਾ ਫਰੰਟ ਵੀ ਬਣਾਇਆ ਗਿਆ। ਇਸ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਆਮ ਆਦਮੀ ਪਾਰਟੀ ਵਲੋਂ ਖਹਿਰਾ ਅਤੇ ਉਨ੍ਹਾਂ ਦੇ ਸਾਥੀ ਕੰਵਰ ਸੰਧੂ ਨੂੰ ਸਸਪੈਂਡ ਕਰ ਦਿੱਤਾ ਗਿਆ।

ਖਹਿਰਾ ਗੁੱਟ ਨੂੰ ਵੱਡਾ ਝਟਕਾ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਨਾਜਰ ਸਿੰਘ ਮਾਨਸ਼ਾਹੀਆ ਵਲੋਂ ਕਾਂਗਰਸ 'ਚ ਸ਼ਾਮਲ ਹੋਣ ਨਾਲ ਲੱਗਾ। ਉਥੇ ਹੀ, ਖਹਿਰਾ ਨਾਲ ਕਾਫ਼ੀ ਦੇਰ ਤੱਕ ਡਟੇ ਰਹਿਣ ਤੋਂ ਬਾਅਦ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ ਵੀ ਦੂਰ ਰਹਿਣ ਲੱਗੇ ਪਰ ਮਾਸਟਰ ਬਲਦੇਵ ਸਿੰਘ ਇਕਲੌਤੇ ਅਜਿਹੇ ਵਿਧਾਇਕ ਰਹੇ ਜੋ ਖਹਿਰਾ ਵਲੋਂ ਪਾਰਟੀ ਗਠਿਤ ਕੀਤੇ ਜਾਣ ਅਤੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਵੀ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਫਰੀਦਕੋਟ ਤੋਂ ਚੋਣ ਵੀ ਲੜੀ ਪਰ ਲੋਕ ਸਭਾ ਚੋਣਾਂ ਤੋਂ ਬਾਅਦ ਆਪਣੇ ਰਾਜਨੀਤਕ ਭਵਿੱਖ ਨੂੰ ਲੈ ਕੇ ਚਿੰਤਤ ਮਾਸਟਰ ਬਲਦੇਵ ਸਿੰਘ ਨੇ ਵੀ ਖਹਿਰਾ ਦਾ ਸਾਥ ਛੱਡ ਕੇ ਪਾਰਟੀ 'ਚ ਵਾਪਸੀ ਦਾ ਐਲਾਨ ਕਰ ਦਿੱਤਾ। ਉਧਰ, ਖਹਿਰਾ ਦਾ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਡਟ ਕੇ ਸਾਥ ਦਿੰਦੇ ਰਹੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨਾਲ ਵੀ ਰਾਜਨੀਤਕ ਰਿਸ਼ਤੇ ਵਿਗੜ ਗਏ।

ਮੌਕਾਪ੍ਰਸਤ ਹਨ ਖਹਿਰਾ : ਚੀਮਾ
'ਅਸਤੀਫਾ ਦੇਣ ਅਤੇ ਹੁਣ ਵਾਪਸ ਲੈਣ ਦਾ ਡਰਾਮਾ ਸੁਖਪਾਲ ਸਿੰਘ ਖਹਿਰਾ ਵਲੋਂ ਖੁਦ ਦੇ ਰਾਜਨੀਤਕ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਹੀ ਰਚਿਆ ਗਿਆ। ਖਹਿਰਾ ਉਹ ਰਾਜਨੇਤਾ ਹੈ ਜੋ ਮੌਕਾਪ੍ਰਸਤੀ ਦੀ ਮਿਸਾਲ ਕਿਹਾ ਜਾ ਸਕਦਾ ਹੈ। ਖਹਿਰਾ ਕਿਸੇ ਜ਼ਮਾਨੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੁੰਦੇ ਸਨ। ਫਿਰ ਜਦੋਂ ਪ੍ਰਤਾਪ ਬਾਜਵਾ ਪੰਜਾਬ ਕਾਂਗਰਸ ਪ੍ਰਧਾਨ ਬਣੇ ਤਾਂ ਖਹਿਰਾ ਨੇ ਕੈਪਟਨ ਵਿਰੁੱਧ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। 2017 ਤੋਂ ਪਹਿਲਾਂ ਉਨ੍ਹਾਂ ਆਪ 'ਚ ਸ਼ਰਨ ਲੈ ਲਈ। ਆਪ ਨੇ ਵੀ ਖਹਿਰਾ ਨੂੰ ਪੂਰਾ ਸਨਮਾਨ ਦਿੱਤਾ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ 'ਤੇ ਬਿਠਾਇਆ ਪਰ ਖਹਿਰਾ ਆਪਣਾ ਸੁਭਾਅ ਨਹੀਂ ਬਦਲ ਸਕੇ ਅਤੇ ਆਪਣੀ ਆਦਤ ਅਨੁਸਾਰ ਪਾਰਟੀ ਦੇ ਹੀ ਖਿਲਾਫ਼ ਬਿਆਨਬਾਜ਼ੀ ਕਰਦੇ ਰਹੇ। ਹੁਣ ਕਿਉਂਕਿ ਸਾਰੇ ਸਾਥ ਛੱਡ ਚੁੱਕੇ ਹਨ ਅਤੇ ਆਪਣਾ ਭਵਿੱਖ ਖਹਿਰਾ ਨੂੰ ਹਨੇਰੇ 'ਚ ਲੱਗਣ ਲੱਗਾ ਤਾਂ ਬਹਾਨੇ ਬਣਾਉਂਦੇ ਹੋਏ ਉਨ੍ਹਾਂ ਅਸਤੀਫਾ ਵਾਪਸ ਲੈ ਲਿਆ। ਆਮ ਆਦਮੀ ਪਾਰਟੀ ਸਪੀਕਰ ਨੂੰ ਮਿਲ ਕੇ ਦਲ-ਬਦਲੂ ਕਨੂੰਨ ਤਹਿਤ ਖਹਿਰਾ ਖਿਲਾਫ਼ ਕਾਰਵਾਈ ਦੀ ਮੰਗ ਕਰੇਗੀ। –ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਨੇਤਾ ਅਤੇ ਆਪ ਵਿਧਾਇਕ

ਹੁਣ ਉਹ ਦਿਨ ਦੂਰ ਨਹੀਂ ਜਦ ਖਹਿਰਾ ਕਾਂਗਰਸ 'ਚ ਸ਼ਾਮਲ ਹੋਵੇਗਾ : ਗਰਚਾ
ਲੁਧਿਆਣਾ (ਅਨਿਲ) : ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕ ਸਭਾ ਚੋਣਾਂ ਦੇ ਸਮੇਂ ਪੰਜਾਬ ਏਕਤਾ ਪਾਰਟੀ ਦਾ ਗਠਨ ਕਰਦੇ ਹੋਏ ਬਠਿੰਡਾ ਸੀਟ ਤੋਂ ਚੋਣ ਲੜਦੇ ਸਮੇਂ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਹੁਣ ਕਈ ਮਹੀਨਿਆਂ ਬਾਅਦ ਆਪਣੇ ਅਸਤੀਫੇ ਨੂੰ ਵਾਪਸ ਲੈਣ ਨਾਲ ਇਹ ਗੱਲ ਸਾਫ ਹੈ ਕਿ ਉਹ ਕਾਂਗਰਸ ਦੇ ਇਸ਼ਾਰਿਆਂ 'ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦਾ ਹਿੱਸਾ ਰਹੇ ਹਨ ਪਰ ਬਠਿੰਡਾ ਦੇ ਲੋਕਾਂ ਨੇ ਖਹਿਰਾ ਦੀ ਜ਼ਮਾਨਤ ਜ਼ਬਤ ਕਰਵਾ ਕੇ ਸਾਬਤ ਕਰ ਦਿੱਤਾ ਸੀ ਕਿ ਉਹ ਝੂਠੇ ਪ੍ਰਚਾਰ 'ਚ ਨਹੀਂ ਫਸਦੇ। ਅਕਾਲੀ ਨੇਤਾ ਨੇ ਕਿਹਾ ਕਿ ਹੁਣ ਉਹ ਸਮਾਂ ਦੂਰ ਨਹੀਂ ਜਦ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਖਹਿਰਾ ਕਾਂਗਰਸ 'ਚ ਹੀ ਸ਼ਾਮਲ ਹੋ ਜਾਣਗੇ ਪਰ ਪੰਜਾਬ ਦੇ ਲੋਕਾਂ ਨੇ ਖਹਿਰਾ ਨੂੰ ਲੋਕ ਸਭਾ ਚੋਣਾਂ 'ਚ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਉਸ ਨੂੰ ਮੂੰਹ ਨਹੀਂ ਲਾਉਣਗੇ।
 


Anuradha

Content Editor

Related News