ਖਹਿਰਾ ਨੇ ਗੜੇਮਾਰੀ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਕੈਪਟਨ ਤੋਂ ਮੰਗਿਆ ਮੁਆਵਜ਼ਾ
Wednesday, Feb 27, 2019 - 04:12 PM (IST)
ਭੁਲੱਥ (ਰਜਿੰਦਰ)— ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਕਿ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਪੀੜਤ ਕਿਸਾਨਾਂ ਨੂੰ 25000 ਰੁਪਏ ਪ੍ਰਤੀ ਏਕੜ ਦਾ ਮੂਆਵਜ਼ਾ ਦਿੱਤਾ ਜਾਵੇ। ਖਹਿਰਾ ਨੇ ਇਹ ਵੀ ਮੰਗ ਕੀਤੀ ਕਿ ਇਸ ਪ੍ਰਕਿਰਿਆ 'ਚ ਪਿੰਡਾਂ ਦੇ ਚੁਣੇ ਹੋਏ ਨੁਮਾਇੰਦੇਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਕਿ ਇਹ ਗਿਰਦਾਵਰੀ ਅਤੇ ਮੁਆਵਜ਼ਾ ਵੰਡਣ ਦੀ ਸਾਰੀ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪੱਖ ਹੋ ਸਕੇ ਅਤੇ ਸਹੀ ਲੋੜਵੰਦਾਂ ਤੱਕ ਮਦਦ ਪਹੁੰਚ ਸਕੇ।
ਅੱਜ ਇਥੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਹਲਕਾ ਭੁਲੱਥ ਦੇ ਜ਼ਿਆਦਾਤਰ ਕਿਸਾਨਾਂ ਦੀਆਂ ਫਸਲਾਂ ਲਗਭਗ ਤਬਾਹ ਹੋ ਗਈਆਂ ਹਨ। ਗੜੇਮਾਰੀ ਅਤੇ ਬਾਰਿਸ਼ ਕਾਰਨ ਕਿਸਾਨਾਂ ਦੇ ਹਲਾਤ ਤਰਸਯੋਗ ਹੋ ਗਏ ਹਨ। ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਕਿ ਹਲਕਾ ਭੁਲੱਥ ਦੇ ਕਿਸਾਨਾਂ ਨੂੰ ਹਰ ਸਾਲ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਕਿਸੇ ਵੀ ਸਰਕਾਰ ਨੇ ਪਾਣੀ ਦਾ ਢੁੱਕਵਾਂ ਨਿਕਾਸ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੋ ਕਿ ਨਿੰਦਣਯੋਗ ਹੈ। ਖਹਿਰਾ ਨੇ ਦੱਸਿਆ ਕਿ ਵਿਸ਼ੇਸ ਗਿਰਦਾਵਰੀ ਅਤੇ ਮੁਆਵਜੇ ਨੂੰ ਲੈ ਕੇ ਉਨ੍ਹਾਂ ਨੇ ਡਿਪਟੀ ਕਮੀਸ਼ਨਰ ਕਪੂਰਥਲਾ ਦਵਿੰਦਰਪਾਲ ਖਰਬੰਦਾ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਜਲਦ ਹੀ ਗਿਰਦਾਵਰੀ ਕਰਵਾਏ ਜਾਣ ਦਾ ਭਰੋਸਾ ਦਿਵਾਇਆ ਹੈ।
ਜ਼ਿਕਰਯੋਗ ਕਿ ਹਲਕਾ ਭੁਲੱਥ ਦੇ ਨੀਂਵੇ ਇਲਾਕਿਆਂ ਜਿਵੇਂ ਕਿ ਨਡਾਲੀ, ਬਗਵਾਨਪੁਰ, ਕਰਨੈਲਗੰਜ, ਟਾਂਡੀ ਅੋਲਖ ਆਦਿ ਪਿੰਡਾਂ 'ਚ ਬਾਰਿਸ਼ ਦਾ ਪਾਣੀ ਖੜ੍ਹਾ ਹੋ ਗਿਆ ਹੈ। ਇਸ ਖੜ੍ਹੇ ਪਾਣੀ ਦਾ ਢੁੱਕਵਾਂ ਨਿਕਾਸ ਨਾ ਹੋਣ ਕਾਰਨ ਕਿਸਾਨਾਂ ਦੀਆਂ ਮਿਹਨਤ ਨਾਲ ਪਾਲੀਆਂ ਫਸਲਾਂ ਲਗਭਗ ਖਤਮ ਹੋ ਗਈਆਂ ਹਨ। ਹਲਕੇ 'ਚੋਂ ਲੰਘਦੀ ਕਾਲੀ ਬੇਂਈ ਨੇ ਕਿਸਾਨਾਂ ਦੇ ਹਾਲਾਤ ਬਦੱਤਰ ਕਰ ਦਿੱਤੇ ਹਨ ਅਤੇ ਬੇਂਈ ਦੇ ਨਾਲ ਲਗਦੇ ਪਿੰਡਾਂ ਡੋਗਰਾਂਵਾਲ, ਮਾਨਾ ਤਲਵੰਡੀ, ਖੱਸਣ ਆਦਿ ਦਾ ਹਾਲ ਵੀ ਅਜਿਹਾ ਹੀ ਹੈ। ਬਿਆਸ ਦਰਿਆ ਦੇ ਨਾਲ ਲਗਦੇ ਬੇਟ ਇਲਾਕੇ ਦੇ ਪਿੰਡਾਂ ਦੀਆਂ ਫਸਲਾਂ ਵੀ ਜ਼ਿਆਦਾ ਪਾਣੀ ਕਾਰਨ ਲਗਭਗ ਤਬਾਹ ਹੋ ਚੁੱਕੀਆਂ ਹਨ। ਗੜੇਮਾਰੀ ਅਤੇ ਬਾਰਿਸ਼ ਕਾਰਨ ਕਿਸਾਨਾਂ ਦੇ ਹਲਾਤ ਤਰਸਯੋਗ ਹੋ ਗਏ ਹਨ ਅਤੇ ਉਹ ਸਰਕਾਰ ਕੋਲੋਂ ਉਮੀਦ ਕਰਦੇ ਹਨ ਕਿ ਇਸ ਮੁਸ਼ਕਿਲ ਘੜੀ 'ਚ ਉਨ੍ਹਾਂ ਦਾ ਸਾਥ ਦੇਵੇ।