ਵੱਡੇ ਬਾਦਲ ਕੋਲੋਂ ਵਾਪਸ ਲਿਆ ਜਾਵੇ ਫਖ਼ਰ-ਏ-ਕੌਮ ਦਾ ਖਿਤਾਬ: ਖਹਿਰਾ (ਵੀਡੀਓ)
Saturday, Dec 08, 2018 - 02:33 PM (IST)
ਤਲਵੰਡੀ ਸਾਬੋ (ਮੁਨੀਸ਼)— ਇਨਸਾਫ ਮੋਰਚੇ ਲਈ ਸ੍ਰੀ ਦਮਦਮਾ ਸਾਹਿਬ ਪੁੱਜੇ ਸੁਖਪਾਲ ਖਹਿਰਾ ਨੇ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਮੁਆਫੀ ਮੰਗਣ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਖਹਿਰਾ ਨੇ ਕਿਹਾ ਕਿ ਅਕਾਲੀਆਂ ਨੇ ਭੁੱਲਾਂ ਕੀਤੀਆਂ ਹਨ ਤਾਂ ਹੀ ਇਹ ਭੁੱਲਾਂ ਬਖਸ਼ਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਬਾਰੇ ਅਕਾਲੀ ਦਲ ਪੂਰੀ ਤਰ੍ਹਾਂ ਜਾਣੂ ਸੀ ਪਰ ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦਾ ਸਾਥ ਦਿੱਤਾ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਸਿਰਸੇ ਵਾਲੇ ਦੀ ਹਮਾਇਤ ਕੀਤੀ ਅਤੇ ਇਨਸਾਫ ਮੰਗ ਰਹੇ ਨਿਹੱਥੇ ਸਿੱਖਾਂ 'ਤੇ ਗੋਲੀਆਂ ਵਰ੍ਹਾਈਆਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਤ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰ-ਏ-ਕੌਮ ਦਾ ਖਿਤਾਬ ਵਾਪਸ ਲਿਆ ਜਾਵੇ।
