ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਦਾ ਹੋਇਆ ਸਮਝੌਤਾ, ਇਸੇ ਲਈ ਨਹੀਂ ਹੋ ਰਹੀ ਕਾਰਵਾਈ : ਖਹਿਰਾ

Tuesday, Aug 08, 2017 - 07:31 PM (IST)

ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਕਾਂਗਰਸ ਖਿਲਾਫ ਵੱਡਾ ਹਮਲਾ ਕੀਤਾ ਹੈ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਇਕ ਗੰਭੀਰ ਮੁੱਦਾ ਹੈ, ਜਿਸ ਵੱਲ ਸਰਕਾਰ ਨੂੰ ਜਲਦ ਧਿਆਨ ਦੇਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਪਿਛਲੇ ਚਾਰ ਮਹੀਨਿਆਂ ਵਿਚ ਹੀ ਲਗਭਗ 100 ਕਿਸਾਨਾਂ ਨੇ ਆਤਮਹੱਤਿਆ ਕਰ ਲਈ ਹੈ ਜਦਕਿ ਇਕੱਲੇ ਮਾਨਸਾ ਵਿਚ ਹੀ ਪਿਛਲੇ 24 ਘੰਟਿਆਂ ਵਿਚ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਜਿਸ 'ਤੇ ਆਮ ਆਦਮੀ ਪਾਰਟੀ ਨੇ ਤਿੰਨ ਦਿਨਾਂ ਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਮੰਗ ਕੀਤੀ ਹੈ ਜਿਸ ਵਿਚ ਸਿਰਫ ਕਿਸਾਨਾਂ ਦੇ ਮੁੱਦਿਆਂ 'ਤੇ ਬਹਿਸ ਕੀਤੀ ਜਾ ਸਕੇ ਅਤੇ ਵੱਖ-ਵੱਖ ਆਗੂਆਂ ਦੇ ਸੁਝਾਅ ਲਏ ਜਾਣ ਤੇ ਇਸ ਇਜਲਾਸ ਨੂੰ ਦੂਰਦਰਸ਼ਨ ਅਤੇ ਹੋਰ ਚੈਨਲਾਂ 'ਤੇ ਲਾਈਵ ਦਿਖਾਇਆ ਜਾਵੇ ਤਾਂ ਜੋ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਸਿਲਸਿਲੇ ਨੂੰ ਰੋਕਿਆ ਜਾ ਸਕੇ। ਕਿਸਾਨਾਂ ਖੁਦਕੁਸ਼ੀਆਂ ਰੋਕਣ ਲਈ ਖਹਿਰਾ ਨੇ ਕਰਨਾਟਕਾ ਦੀ ਤਰਜ਼ 'ਤੇ ਪੰਜਾਬ ਵਿਚ ਵੀ ਕਿਸਾਨਾਂ ਲਈ ਇਕ ਸਾਲ ਦਾ ਮੋਰਟੇਰੀਅਮ ਲਗਾਉਣ ਦੀ ਮੰਗ ਕੀਤੀ ਹੈ।
ਖਹਿਰਾ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਚਾਵੇ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਸਕਦੀ ਹੈ ਜੇਕਰ ਕੇਂਦਰ ਸਰਕਾਰ ਇਸ ਸੰਬੰਧੀ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਪੰਜਾਬ ਵਿਚ ਇਕ ਲੋਕ ਲਹਿਰ ਖੜ੍ਹੀ ਕਰੇਗੀ। ਖਹਿਰਾ ਨੇ ਐੱਨ. ਆਰ. ਆਈ. ਭਰਾਵਾਂ ਨੂੰ ਵੀ ਪੰਜਾਬ ਦੇ ਗਰੀਬ ਕਿਸਾਨਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ।
ਖਹਿਰਾ ਨੇ ਮੁੜ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕੈਪਟਨ ਪੰਜਾਬ ਵਿਚ ਨਜ਼ਰ ਹੀ ਨਹੀਂ ਆਏ। ਖਹਿਰਾ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਕੈਪਟਨ ਪਰਿਵਾਰ ਦਾ ਆਪਸ ਵਿਚ ਸਮਝੌਤਾ ਹੋ ਚੁੱਕਾ ਹੈ ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਲਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।


Related News