ਬਠਿੰਡਾ ''ਚ 2 ਅਗਸਤ ਨੂੰ ਖਹਿਰਾ ਕਰਨਗੇ ਰੈਲੀ, ਪੋਸਟਰ ''ਤੇ ਕੇਜਰੀਵਾਲ ਤੇ ਸਿਸੋਦੀਆ ਦੀਆਂ ਤਸਵੀਰਾਂ
Monday, Jul 30, 2018 - 09:38 AM (IST)

ਜਲੰਧਰ— ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਹਾਈਕਮਾਨ ਵੱਲੋਂ ਕਨਵੈਨਸ਼ਨ ਰੱਦ ਕਰਨ ਦੇ ਹੁਕਮਾਂ ਨੂੰ ਦਰਕਿਨਾਰ ਕਰ ਦਿੱਤਾ ਹੈ। ਖਹਿਰਾ ਨੇ 2 ਅਗਸਤ 2018 ਦਿਨ ਵੀਰਵਾਰ ਨੂੰ 'ਆਪ' ਵਲੰਟੀਅਰਜ਼ ਨੂੰ ਬਠਿੰਡਾ 'ਚ ਇਕੱਠੇ ਹੋਣ ਲਈ ਕਿਹਾ ਹੈ ਅਤੇ ਇਸ ਦੇ ਪੋਸਟਰ ਵੀ ਜਾਰੀ ਕਰ ਦਿੱਤੇ ਹਨ। ਖਾਸ ਗੱਲ ਇਹ ਹੈ ਕਿ ਭਾਵੇਂ ਹੀ ਖਹਿਰਾ ਹਾਈਕਮਾਨ ਨਾਲ ਨਾਰਾਜ਼ ਚੱਲ ਰਹੇ ਹਨ ਪਰ ਪੋਸਟਰ 'ਚ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਖਹਿਰਾ ਨੇ ਪੋਸਟਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਹਿੱਤਾਂ ਅਤੇ ਹੱਕ-ਸੱਚ ਦੀ ਲੜਾਈ ਲਈ 'ਆਪ' ਵਲੰਟੀਅਰਜ਼ 2 ਅਗਸਤ ਨੂੰ ਬਠਿੰਡਾ ਦੇ ਡੱਬਵਾਲੀ ਰੋਡ 'ਤੇ ਸਥਿਤ ਵੁੱਡ ਰਿਜ਼ੋਰਟ ਵਿਖੇ ਪਹੁੰਚਣ।
ਖਹਿਰਾ ਨੇ ਸੱਦੀ ਕਨਵੈਨਸ਼ਨ, ਨਵੀਂ ਪਾਰਟੀ ਬਣਾਉਣ ਤੋਂ ਇਨਕਾਰ :
ਜ਼ਿਕਰਯੋਗ ਹੈ ਕਿ ਖਹਿਰਾ ਧੜੇ ਵੱਲੋਂ ਸੱਦੀ ਗਈ 2 ਅਗਸਤ ਦੀ ਕਨਵੈਨਸ਼ਨ ਨੂੰ ਰੱਦ ਕਰਵਾਉਣ ਲਈ ਪਿਛਲੇ ਦਿਨੀਂ 'ਆਪ' ਹਾਈਕਮਾਨ ਵੱਲੋਂ ਦਿੱਲੀ 'ਚ ਬੈਠਕ ਸੱਦੀ ਗਈ ਸੀ ਪਰ ਇਹ ਬੇਸਿੱਟਾ ਰਹੀ। ਹਾਈਕਮਾਨ ਇਸ ਕਨਵੈਨਸ਼ਨ ਨੂੰ ਰੱਦ ਕਰਵਾਉਣ ਦੇ ਫੈਸਲੇ 'ਤੇ ਅੜੀ ਰਹੀ ਅਤੇ ਹਰਪਾਲ ਚੀਮਾ ਨੂੰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਹਾਈਕਮਾਨ ਦੇ ਇਸ ਫੈਸਲੇ ਤੋਂ ਬਾਅਦ ਖਹਿਰਾ ਸਮਰਥਕ ਤਲਖੀ ਨਾਲ ਬਾਹਰ ਨਿਕਲੇ ਅਤੇ 2 ਅਗਸਤ ਦੀ ਕਨਵੈਨਸ਼ਨ ਨੂੰ ਕਰਾਉਣ ਦੇ ਫੈਸਲੇ 'ਤੇ ਅਟਲ ਰਹਿਣ ਦੀ ਗੱਲ ਕਹੀ। ਖਰੜ ਤੋਂ 'ਆਪ' ਵਿਧਾਇਕ ਕੰਵਰ ਸੰਧੂ ਦਾ ਕਹਿਣਾ ਹੈ ਕਿ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਕਨਵੈਨਸ਼ਨ ਸੱਦੀ ਗਈ ਹੈ ਕਿਉਂਕਿ ਜਿਸ ਤਰੀਕੇ ਨਾਲ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਉਹ ਤਰੀਕਾ ਪਾਰਟੀ ਵਰਕਰਾਂ ਨੂੰ ਨਾ ਗਵਾਰ ਗੁਜ਼ਰਿਆ ਹੈ।
ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਕੋਈ ਨਵੀਂ ਪਾਰਟੀ ਨਹੀਂ ਬਣਾਵਾਂਗਾ ਸਗੋਂ ਆਮ ਆਦਮੀ ਪਾਰਟੀ 'ਚ ਰਹਿ ਕੇ ਹੀ ਆਪਣੀ ਆਵਾਜ਼ ਬੁਲੰਦ ਕਰਾਂਗਾ। ਉਨ੍ਹਾਂ ਕਿਹਾ ਕਿ 'ਆਪ' ਆਮ ਲੋਕਾਂ ਵੱਲੋਂ ਬਣਾਈ ਗਈ ਪਾਰਟੀ ਹੈ ਪਰ ਹੁਣ ਪਾਰਟੀ ਜਮਹੂਰੀ ਸਿਧਾਂਤਾਂ ਤੋਂ ਉਲਟ ਚੱਲ ਰਹੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਪਾਰਟੀ ਤੁਹਾਨੂੰ ਵੀ ਕੱਢ ਦਿੰਦੀ ਹੈ ਤਾਂ ਫਿਰ ਤੁਸੀਂ ਨਵੀਂ ਪਾਰਟੀ ਬਣਾਓਗੇ? ਤਾਂ ਉਨ੍ਹਾਂ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਨੌਬਤ ਆਵੇਗੀ ਤਾਂ ਪਾਰਟੀ ਵਰਕਰਾਂ ਦੀ ਸਲਾਹ ਲੈ ਕੇ ਇਸ ਸਬੰਧੀ ਸੋਚਾਂਗਾ।