ਬੇਅੰਤ ਸਿੰਘ ਨੇ ਪੰਜਾਬ ਤੇ ਦੇਸ਼ ''ਚ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਲਈ ਦਿੱਤੀ ਸੀ ਸ਼ਹਾਦਤ : ਬਿੱਟੂ

03/13/2018 10:31:34 AM

ਲੁਧਿਆਣਾ (ਹਿਤੇਸ਼)-ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਦੇ ਉਸ ਟਵੀਟ ਨਾਲ ਪੰਜਾਬ ਦੀ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ, ਜਿਸ ਵਿਚ ਉਨ੍ਹਾਂ ਨੇ ਬੇਅੰਤ ਸਿੰਘ ਪਰਿਵਾਰ ਨੂੰ ਹੱਤਿਆ ਦੇ ਦੋਸ਼ੀਆਂ ਨੂੰ ਮੁਆਫੀ ਦੇਣ ਦੀ ਅਪੀਲ ਕੀਤੀ ਹੈ। ਇਸ ਵਿਚ ਉਨ੍ਹਾਂ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀਆਂ ਨੂੰ ਰਾਹੁਲ ਤੇ ਪ੍ਰਿਯੰਕਾ ਗਾਂਧੀ ਵੱਲੋਂ ਮੁਆਫੀ ਦੇਣ ਬਾਰੇ ਕੀਤੇ ਗਏ ਐਲਾਨ ਦਾ ਹਵਾਲਾ ਦਿੱਤਾ ਹੈ। 
ਇਸ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਬੇਅੰਤ ਸਿੰਘ ਦੇ ਪੋਤਰੇ ਤੇ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਬਿੱਟੂ ਨੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਨੇ ਆਪਣੇ ਪਰਿਵਾਰ ਲਈ ਨਹੀਂ, ਸਗੋਂ ਪੰਜਾਬ ਤੇ ਦੇਸ਼ 'ਚ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਲਈ ਸ਼ਹਾਦਤ ਦਿੱਤੀ ਹੈ, ਜਿਨ੍ਹਾਂ ਨਾਲ 17 ਹੋਰ ਲੋਕ ਸ਼ਹੀਦ ਹੋਏ ਸਨ। ਅਜਿਹੇ 'ਚ ਬੇਅੰਤ ਸਿੰਘ ਦਾ ਪਰਿਵਾਰ ਇਕੱਲਾ ਕਿਸ ਤਰ੍ਹਾਂ ਹੱਤਿਆ ਦੇ ਦੋਸ਼ੀਆਂ ਨੂੰ ਮੁਆਫੀ ਦੇ ਸਕਦਾ ਹੈ। ਬਿੱਟੂ ਨੇ ਕਿਹਾ ਕਿ ਜਿੱਥੋਂ ਤੱਕ ਰਾਜੀਵ ਗਾਂਧੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਹੱਤਿਆ ਦੇ ਦੋਸ਼ੀਆਂ ਨੂੰ ਮੁਆਫੀ ਦੇਣ ਦਾ ਸਵਾਲ ਹੈ, ਉਨ੍ਹਾਂ ਦੋਸ਼ੀਆਂ ਨੇ ਆਪਣੀ ਗਲਤੀ ਲਈ ਮੁਆਫੀ ਮੰਗੀ ਹੈ ਪਰ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀਆਂ ਨੇ ਕਦੇ ਅਜਿਹੀ ਪਹਿਲ ਨਹੀਂ ਕੀਤੀ। ਬਿੱਟੂ ਨੇ ਕਿਹਾ ਕਿ ਖਹਿਰਾ ਨੇ ਇਹ ਮੁੱਦਾ 'ਆਪ' ਦੇ ਵਿਦੇਸ਼ਾਂ 'ਚ ਬੈਠੇ ਉਨ੍ਹਾਂ ਸਮਰਥਕਾਂ ਦੇ ਇਸ਼ਾਰੇ 'ਤੇ ਉਠਾਇਆ ਹੈ, ਜੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਫੰਡਿੰਗ ਕਰਦੇ ਹਨ। ਅਜਿਹੇ 'ਚ ਜੇਕਰ ਫਿਰ ਪੰਜਾਬ ਵਿਚ ਅੱਤਵਾਦ ਦੀ ਚੰਗਿਆੜੀ ਭੜਕ ਗਈ ਤਾਂ ਕੌਣ ਜ਼ਿੰਮੇਵਾਰ ਹੋਵੇਗਾ।


Related News