ਖਹਿਰਾ ਨੇ ਸੰਗਤ ਤੇ ਨਵਜੋਤ ਸਿੱਧੂ ਦੇ ਸਿਰ ਬੰਨ੍ਹਿਆ ਕਰਤਾਰਪੁਰ ਲਾਂਘੇ ਦਾ ਸਿਹਰਾ (ਵੀਡੀਓ)

Thursday, Nov 29, 2018 - 03:19 PM (IST)

ਬਠਿੰਡਾ(ਅਮਿਤ)— ਸੁਖਪਾਲ ਖਹਿਰਾ ਅੱਜ ਬਠਿੰਡਾ ਜ਼ਿਲੇ ਦੇ 6 ਪਿੰਡਾਂ ਦੇ ਦੌਰੇ 'ਤੇ ਹਨ। ਤੁਹਾਨੂੰ ਦੱਸ ਦੇਈਏ ਕਿ 8 ਦਸੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਤੋਂ ਪਟਿਆਲਾ ਤੱਕ ਪੈਦਲ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹ ਅੱਜ ਬਠਿੰਡਾ ਦੇ ਵੱਖ-ਵੱਖ ਪਿੰਡਾਂ ਵਿਚ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ। ਇਹ ਇਨਸਾਫ ਮਾਰਚ ਕਿਸਾਨੀ, ਜਵਾਨੀ ਅਤੇ ਉਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਕੱਢਿਆ ਜਾ ਰਿਹਾ ਹੈ ਜੋ ਪੰਜਾਬ ਵਿਚ ਅਹਿਮ ਹਨ। ਇਸ ਦੌਰਾਨ ਖਹਿਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਜੇ ਤੱਕ ਕੋਈ ਵੀ ਕੰਮ ਪੂਰਾ ਨਹੀਂ ਕੀਤਾ ਅਤੇ ਨਾ ਹੀ ਨਸ਼ਾ ਖਤਮ ਕੀਤਾ ਅਤੇ ਨਾ ਹੀ ਰੋਜ਼ਗਾਰ ਦਿੱਤਾ।

ਉਨ੍ਹਾਂ ਕਿਹਾ ਕਿ ਜੋ ਕਰਤਾਰਪੁਰ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਉਸ ਦਾ ਸਿਹਰਾ ਸੰਗਤ ਤੋਂ ਇਲਾਵਾ ਨਵਜੋਤ ਸਿੱਧੂ ਨੂੰ ਜਾਂਦਾ ਹੈ। ਖਹਿਰਾ ਨੇ ਅਕਾਲੀ ਦਲ ਵਲੋਂ ਨੀਂਹ ਪੱਥਰ ਵਾਲੇ ਦਿਨ ਕੀਤੀ ਗਈ ਨਾਅਰੇਬਾਜ਼ੀ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ 2005 ਵਿਚ ਮੁੱਖ ਮੰਤਰੀ ਦੇ ਤੌਰ 'ਤੇ ਪਾਕਿਸਤਾਨ ਗਏ ਸਨ ਅਤੇ ਨਨਕਾਣਾ ਸਾਹਿਬ ਵੀ ਹੋ ਕੇ ਆਏ ਸਨ। ਉਦੋਂ ਪਾਕਿਸਤਾਨ ਦੇ ਉਸ ਸਮੇਂ ਦੇ ਮੁੱਖ ਮੰਤਰੀ ਨੇ ਕੈਪਟਨ ਨੂੰ ਤੋਹਫੇ ਦੇ ਰੂਪ ਵਿਚ ਇਕ ਪਾਕਿਸਤਾਨੀ ਨਸਲ ਦਾ ਘੋੜਾ ਦਿੱਤਾ ਸੀ। ਉਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਕਰਾਰ ਚੱਲਦਾ ਸੀ ਅਤੇ ਅੱਜ ਵੀ ਚੱਲਦਾ ਹੈ। ਇਸ ਦੌਰਾਨ ਉਨ੍ਹਾਂ ਨੇ ਇਮਰਾਨ ਖਾਨ ਵਲੋਂ ਸਿੱਧੂ ਦੀ ਕੀਤੀ ਗਈ ਤਾਰੀਫ ਨੂੰ ਬਿਲਕੁੱਲ ਸਹੀ ਕਿਹਾ। ਇਸ ਤੋਂ ਇਲਾਵਾ ਖਹਿਰਾ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਸਰਹੱਦ ਵੀ ਖੁੱਲ੍ਹਣੀ ਚਾਹੀਦੀ ਹੈ।


author

cherry

Content Editor

Related News