ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ, ਤੀਜੀ ਵਾਰ ਖੋਲ੍ਹਣਾ ਪਿਆ ਫਲੱਡ ਗੇਟ

Saturday, Aug 06, 2022 - 11:09 AM (IST)

ਚੰਡੀਗੜ੍ਹ (ਰਜਿੰਦਰ) : ਸੁਖ਼ਨਾ ਕੈਚਮੈਂਟ ਖੇਤਰ ਤੋਂ ਲਗਾਤਾਰ ਪਾਣੀ ਆਉਣ ਕਾਰਨ ਝੀਲ ਦੇ ਪਾਣੀ ਦਾ ਪੱਧਰ ਫਿਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਸੁਖ਼ਨਾ ਦਾ ਫਲੱਡ ਗੇਟ ਖੋਲ੍ਹਣਾ ਪਿਆ। ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਸੁਖ਼ਨਾ ਦਾ ਪਾਣੀ ਫਿਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ 1162.70 ਫੁੱਟ ਤੱਕ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਸਾਵਧਾਨੀ ਵੱਜੋਂ ਫਲੱਡ ਗੇਟ ਖੋਲ੍ਹਣਾ ਪਿਆ। ਇਸ ਤੋਂ ਪਹਿਲਾਂ ਵੀ 31 ਜੁਲਾਈ ਨੂੰ ਪਾਣੀ ਦਾ ਇੰਨਾ ਪੱਧਰ ਪਹੁੰਚਣ ’ਤੇ ਫਲੱਡ ਗੇਟ ਖੋਲ੍ਹਣਾ ਪਿਆ ਸੀ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਆਸ-ਪਾਸ ਦੇ ਇਲਾਕੇ ਨੂੰ ਅਲਰਟ ਵੀ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਸੋਚ-ਸਮਝ ਕੇ ਘਰੋਂ ਨਿਕਲੋ

ਪ੍ਰਸ਼ਾਸਨ ਮੁਤਾਬਕ ਸ਼ੁੱਕਰਵਾਰ ਰਾਤ 9 ਵਜੇ ਫਲੱਡ ਗੇਟ ਖੋਲ੍ਹਿਆ ਗਿਆ। ਇਸ ਸਬੰਧੀ ਗੁਆਂਢੀ ਸ਼ਹਿਰਾਂ ਮੋਹਾਲੀ ਅਤੇ ਪਟਿਆਲਾ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ, ਤਾਂ ਜੋ ਉਹ ਆਪਣੀਆਂ ਅਗਾਊਂ ਤਿਆਰੀਆਂ ਰੱਖ ਸਕਣ। ਸੁਖ਼ਨਾ ਝੀਲ ਦਾ ਫਲੱਡ ਗੇਟ 17 ਜੁਲਾਈ ਨੂੰ ਵੀ ਖੋਲ੍ਹਿਆ ਗਿਆ ਸੀ, ਜਦੋਂ ਮੀਂਹ ਤੋਂ ਬਾਅਦ ਝੀਲ ਦੇ ਪਾਣੀ ਦਾ ਪੱਧਰ 1162.45 ਤੱਕ ਪਹੁੰਚ ਗਿਆ। ਫਲੱਡ ਗੇਟ ਖੋਲ੍ਹਣ ਸਮੇਂ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਸੁਖ਼ਨਾ ਚੋਅ ਦੇ ਆਸ-ਪਾਸ ਕੋਈ ਨਾ ਹੋਵੇ। ਦੱਸ ਦੇਈਏ ਕਿ 2020 ਵਿਚ ਪਾਣੀ ਦਾ ਪੱਧਰ 1163.40 ਫੁੱਟ ’ਤੇ ਪਹੁੰਚਣ ਤੋਂ ਬਾਅਦ ਹੀ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਸੁਖ਼ਨਾ ਚੋਅ ਵੀ ਓਵਰਫਲੋਅ ਹੋ ਗਿਆ ਸੀ। ਇਸ ਕਾਰਨ ਬਲਟਾਣਾ ਦੇ ਇਲਾਕੇ 'ਚ ਵੀ ਪਾਣੀ ਦਾਖ਼ਲ ਹੋ ਗਿਆ ਸੀ।

ਇਹ ਵੀ ਪੜ੍ਹੋ : ਪਾਲਤੂ ਪਿੱਟਬੁੱਲ ਕੁੱਤੇ ਨੇ ਮਾਲਕ ਨੂੰ ਬੁਰੀ ਤਰ੍ਹਾਂ ਵੱਢਿਆ, ਲੋਕਾਂ ਨੇ 2 ਘੰਟੇ ਦੀ ਜੱਦੋ-ਜਹਿਦ ਮਗਰੋਂ ਛੁਡਾਇਆ

ਇਹੀ ਕਾਰਨ ਹੈ ਕਿ ਪਿਛਲੇ ਸਾਲ ਤੋਂ ਪ੍ਰਸ਼ਾਸਨ ਨੇ ਖ਼ਤਰੇ ਦੇ ਨਿਸ਼ਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਫਲੱਡ ਗੇਟ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਸਾਲ ਵੀ ਕਈ ਵਾਰ ਫਲੱਡ ਗੇਟ ਖੋਲ੍ਹਣੇ ਪਏ ਸਨ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਮੋਹਾਲੀ ਅਤੇ ਪਟਿਆਲਾ ਦੇ ਅਧਿਕਾਰੀਆਂ ਨੂੰ ਫਲੱਡ ਗੇਟ ਖੋਲ੍ਹਣ ਸਬੰਧੀ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ। ਸੁਖਨਾ ਕੈਚਮੈਂਟ ਏਰੀਏ ਤੋਂ ਜ਼ਿਆਦਾ ਪਾਣੀ ਆਉਣ ਕਾਰਨ ਝੀਲ ਦੇ ਪਾਣੀ ਦਾ ਪੱਧਰ ਵਧ ਗਿਆ ਸੀ ਅਤੇ ਅਜੇ ਵੀ ਕੈਚਮੈਂਟ ਏਰੀਏ ਤੋਂ ਪਾਣੀ ਆ ਰਿਹਾ ਹੈ। ਦੱਸ ਦੇਈਏ ਕਿ 2017 ਵਿਚ ਸੁਖਨਾ ਝੀਲ ਦੀ ਹਾਲਤ ਤਰਸਯੋਗ ਹੋ ਗਈ ਸੀ। ਪਾਣੀ ਇੰਨਾ ਘੱਟ ਗਿਆ ਸੀ ਕਿ ਬੋਟਿੰਗ ਬੰਦ ਕਰਨੀ ਪਈ ਅਤੇ ਝੀਲ ਦੇ ਵਿਚਕਾਰਲਾ ਵੱਡਾ ਹਿੱਸਾ ਸੁੱਕਾ ਦਿਖਾਈ ਦੇ ਰਿਹਾ ਸੀ। ਸ਼ੁੱਕਰਵਾਰ ਜਿਵੇਂ ਹੀ ਝੀਲ ਦਾ ਫਲੱਡ ਗੇਟ ਖੋਲ੍ਹਿਆ ਗਿਆ ਤਾਂ ਸੁਖ਼ਨਾ ਚੋਅ 'ਚ ਕਾਫੀ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਚੋਅ ਕੋਲ ਚੌਂਕੀਦਾਰ ਤਾਇਨਾਤ ਕਰ ਦਿੱਤੇ ਗਏ, ਤਾਂ ਜੋ ਲੋਕ ਸੁਚੇਤ ਰਹਿਣ, ਹਾਲਾਂਕਿ ਵਿਭਾਗ ਵੱਲੋਂ ਥੋੜ੍ਹਾ-ਥੋੜ੍ਹਾ ਪਾਣੀ ਛੱਡਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News