ਸੁਖਨਾ ਸੈਂਚੁਰੀ ਲਈ ਦੀ ਸੁਰੱਖਿਆ ਲਈ ਮੰਤਰਾਲਾ ਜਾਰੀ ਕਰੇਗਾ ਫੰਡ
Monday, Jan 29, 2018 - 10:17 AM (IST)
ਚੰਡੀਗੜ੍ਹ (ਵਿਜੇ) : ਦੇਸ਼ ਦੇ ਜੰਗਲਾਤ ਏਰੀਏ 'ਚ ਅੱਗ ਲੱਗਣ ਦੀਆਂ ਘਟਨਾਵਾਂ ਨਾਲ 550 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਹੁਣ ਮਨਿਸਟਰੀ ਆਫ ਇਨਵਾਇਰਮੈਂਟ ਫਾਰੈਸਟ ਐਂਡ ਕਲਾਈਮੇਟ ਚੇਂਜ ਨੇ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਤੇ ਉਨ੍ਹਾਂ ਦੀ ਰੋਕਥਾਮ ਲਈ 'ਫਾਰੈਸਟ ਫਾਇਰ ਪ੍ਰੀਵੈਂਸ਼ਨ ਐਂਡ ਮੈਨੇਜਮੈਂਟ ਸਕੀਮ' ਸ਼ੁਰੂ ਕੀਤੀ ਹੈ। ਇਸ ਤਹਿਤ ਸੁਖਨਾ ਵਾਈਲਡ ਲਾਈਫ ਸੈਂਚੁਰੀ ਲਈ ਯੂ. ਟੀ. ਦੇ ਫਾਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ ਨੂੰ ਮੰਤਰਾਲਾ ਵਲੋਂ 20 ਲੱਖ ਰੁਪਏ ਦੀ ਫੰਡਿੰਗ ਕੀਤੀ ਜਾਏਗੀ। ਹਾਲਾਂਕਿ ਇਸ ਤੋਂ ਪਹਿਲਾਂ ਫਾਰੈਸਟ ਵਿਭਾਗ ਨੂੰ ਸਾਲਾਨਾ ਪਲਾਨ ਮੰਤਰਾਲਾ ਕੋਲ ਜਮ੍ਹਾ ਕਰਵਾਉਣਾ ਹੋਵੇਗਾ।
ਇਸ 'ਚ ਚੰਡੀਗੜ੍ਹ ਨੂੰ ਦੱਸਣਾ ਹੋਵੇਗਾ ਕਿ ਭਵਿੱਖ 'ਚ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਤੇ ਉਨ੍ਹਾਂ ਦੀ ਰੋਕਥਾਮ ਲਈ ਕਿਹੜੇ ਕਦਮ ਚੁੱਕੇ ਜਾਣਗੇ। ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਚੰਡੀਗੜ੍ਹ 'ਚ ਅੱਗ ਲੱਗਣ ਦੇ ਮਾਮਲੇ ਕਾਫੀ ਘੱਟ ਸਾਹਮਣੇ ਆਏ ਹਨ। ਪਿਛਲੇ ਕੁਝ ਸਾਲਾਂ 'ਚ ਤਿੰਨ ਵਾਰ ਯੂ. ਟੀ. ਵਿਭਾਗ ਨੂੰ ਮੰਤਰਾਲਾ ਤੋਂ ਅਲਰਟ ਭੇਜਿਆ ਗਿਆ। ਇਸ 'ਚ ਇਕ ਮਾਮਲਾ ਤਾਂ ਚੰਡੀਗੜ੍ਹ ਤੇ ਹਰਿਆਣਾ ਬਾਰਡਰ ਨਾਲ ਲੱਗਦੇ ਫਾਰੈਸਟ ਏਰੀਏ ਦਾ ਸੀ। ਇਸਦੀ ਇਮੇਜ ਤੁਰੰਤ ਵਿਭਾਗ ਨੂੰ ਭੇਜ ਦਿੱਤੀ ਸੀ ਤੇ ਐੱਸ. ਐੱਮ. ਐੱਸ. ਨਾਲ ਲੋਕੇਸ਼ਨ ਦੀ ਜਾਣਕਾਰੀ ਦਿੱਤੀ ਸੀ ਪਰ ਭਵਿੱਖ 'ਚ ਅਜਿਹੇ ਹਾਦਸਿਆਂ ਨਾਲ ਨਜਿੱਠਣ ਲਈ ਮੰਤਰਾਲਾ ਨੇ ਪ੍ਰਸ਼ਾਸਨ ਨੂੰ ਵਧੀਆ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵਿੱਤੀ ਮਜ਼ਬੂਤ ਬਣੇਗਾ ਫਾਰੈਸਟ ਵਿਭਾਗ
ਮੰਤਰਾਲਾ ਨੇ ਕਿਹਾ ਕਿ ਚੰਡੀਗੜ੍ਹ ਦਾ ਆਪਣਾ ਫਾਰੈਸਟ ਵਿਭਾਗ ਵੀ ਹੈ ਪਰ ਮੈਨਪਾਵਰ ਤੇ ਵਿੱਤੀ ਸਾਧਨਾਂ ਦੀ ਕਮੀ ਹੋਣ ਕਾਰਨ ਜੰਗਲਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣਾ ਵਿਭਾਗ ਲਈ ਵੀ ਸੌਖਾ ਨਹੀਂ। ਇਹੋ ਕਾਰਨ ਹੈ ਕਿ ਮੰਤਰਾਲਾ ਵਲੋਂ ਹੁਣ ਹਰ ਸਾਲ ਫਾਰੈਸਟ ਵਿਭਾਗ ਨੂੰ ਵਿੱਤੀ ਮਦਦ ਦਿੱਤੀ ਜਾਏਗੀ। ਅਸਲ 'ਚ ਅੱਗ ਲੱਗਣ ਦੇ 95 ਫੀਸਦੀ ਕਾਰਨਾਂ 'ਚ ਕਿਸੇ ਮਨੁੱਖ ਦਾ ਹੀ ਹੱਥ ਹੁੰਦਾ ਹੈ। ਕਈ ਵਾਰ ਅੱਗ ਜਾਣਬੁੱਝ ਕੇ ਲਾਈ ਜਾਂਦੀ ਹੈ ਤੇ ਕਦੇ ਗਲਤੀ ਨਾਲ ਲਗਦੀ ਹੈ। ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਹਰ ਸਾਲ 550 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ।
13 ਸਾਲ ਬਾਅਦ ਨਵੀਂ ਤਕਨੀਕ ਅਡਾਪਟ ਕੀਤੀ
ਫਾਰੈਸਟ ਫਾਇਰ ਨੂੰ ਦੇਸ਼ 'ਚ ਗਰੀਨ ਕਵਰ ਏਰੀਆ ਦੇ ਨੁਕਸਾਨ ਦਾ ਸਭ ਤੋਂ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਕ ਫਾਰੈਸਟ ਸਰਵੇ ਆਫ ਇੰਡੀਆ ਵਲੋਂ ਅੱਗ ਲੱਗਣ ਵਾਲੀ ਥਾਂ ਦੀ ਜਾਣਕਾਰੀ ਹਾਸਲ ਕਰਨ ਲਈ 2004 ਤੋਂ ਨਾਸਾ ਦੀ ਐੱਮ. ਓ. ਡੀ. ਆਈ. ਐੱਸ. ਸੈਂਸਰ ਆਨ ਬੋਰਡ ਐਕਵਾ ਐਂਡ ਟੈਰਾ ਸੈਟੇਲਾਈਟ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਸੀ ਪਰ ਪਿਛਲੇ ਸਾਲ ਫਾਰੈਸਟ ਸਰਵੇ ਆਫ ਇੰਡੀਆ ਨੇ ਐੱਸ. ਐੱਨ. ਪੀ. ਪੀ.-ਵੀ. ਆਈ. ਆਈ. ਆਰ. ਐੱਸ. ਸੈਂਸਰ ਤਕਨੀਕ ਨੂੰ ਅਡਾਪਟ ਕਰ ਲਿਆ ਹੈ। ਇਸਦਾ ਰੈਜ਼ੋਲਿਊਸ਼ਨ ਐੱਮ. ਓ. ਡੀ. ਆਈ. ਐੱਸ. ਤੋਂ ਕਾਫੀ ਬਿਹਤਰ ਦੱਸਿਆ ਜਾ ਰਿਹਾ ਹੈ। ਇਹ ਤਕਨੀਕ ਚੰਡੀਗੜ੍ਹ ਦੇ ਫਾਰੈਸਟ ਵਿਭਾਗ ਨੇ ਵੀ ਅਡਾਪਟ ਕੀਤੀ ਹੈ।