ਜਲੰਧਰ: ਕਪੂਰਥਲਾ ਚੌਂਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ
Monday, Jun 28, 2021 - 01:21 PM (IST)
ਜਲੰਧਰ (ਸੁਧੀਰ)– ਸਥਾਨਕ ਗੋਪਾਲ ਨਗਰ ਸਥਿਤ ਨਵੀਂ ਦਾਣਾ ਮੰਡੀ ਨੇੜੇ ਮਿੱਕੀ ਅਗਵਾ ਕਾਂਡ ’ਚ ਨਾਮਜ਼ਦ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਹੱਤਿਆ ਕਾਂਡ ’ਚ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਕਮਿਸ਼ਨਰੇਟ ਪੁਲਸ ਇਸ ਕੇਸ ਸਬੰਧੀ ਜਲਦ ਖ਼ੁਲਾਸਾ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡਿਪਟੀ ਕਤਲ ਕਾਂਡ ਦੇ ਤਾਰ ਕਪੂਰਥਲਾ ਚੌਕ ਨੇੜੇ ਹੋਏ ਇਕ ਹੋਰ ਮਰਡਰ ਕੇਸ ਨਾਲ ਜੁੜ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਗਭਗ 2 ਸਾਲ ਪਹਿਲਾਂ ਕਪੂਰਥਲਾ ਚੌਂਕ ਨੇੜੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਮਾਮਲੇ ’ਚ ਡਿਪਟੀ ਪੀੜਤ ਪਰਿਵਾਰ ਨਾਲ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਪੈਰਵੀ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਕਥਿਤ ਤੌਰ ’ਤੇ ਧਮਕੀਆਂ ਵੀ ਮਿਲ ਰਹੀਆਂ ਸਨ।
ਸੁਖਮੀਤ ਕਤਲ ਕਾਂਡ: ਪੁਲਸ ਦਾ ਵੱਡਾ ਸਵਾਲ, ਬਰਥਡੇ ਦਾ ਕੇਕ ਕੱਟਣ ਲਈ ਆਖ਼ਿਰ ਕਿਉਂ ਕੀਤੀ ਗਈ ਵ੍ਹਟਸਐਪ ਕਾਲ
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਕਮਿਸ਼ਨਰੇਟ ਪੁਲਸ ਹੱਥ ਇਸ ਮਾਮਲੇ ’ਚ ਅਹਿਮ ਸੁਰਾਗ ਲੱਗੇ ਤਾਂ ਪੁਲਸ ਨੇ ਡਿਪਟੀ ਦੇ ਮੋਬਾਇਲ ਦੀ ਕਾਲ ਡਿਟੇਲ ਦੀ ਗੰਭੀਰਤਾ ਨਾਲ ਜਾਂਚ ਕੀਤੀ। ਪੁਲਸ ਨੂੰ ਡਿਪਟੀ ਦੀ ਕਾਲ ਡਿਟੇਲ ਦੇ ਆਧਾਰ ’ਤੇ ਕੁਝ ਸ਼ੱਕੀ ਨੰਬਰ ਵੀ ਮਿਲੇ। ਪੁਲਸ ਨੇ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਕਤ ਕਤਲ ਕਾਂਡ ਦੇ ਦੋਸ਼ੀ ਵੀ ਡਿਪਟੀ ਦੇ ਨਾਲ ਕਪੂਰਥਲਾ ਜੇਲ੍ਹ ’ਚ ਬੰਦ ਸਨ। ਦੋਵਾਂ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਵੀ ਹੋਈ ਸੀ। ਇਸ ਤੋਂ ਬਾਅਦ ਦੂਜੀ ਧਿਰ ਦੇ ਲੋਕਾਂ ਨੂੰ ਨਾਭਾ ਜੇਲ੍ਹ ’ਚ ਸ਼ਿਫਟ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪਰਿਵਾਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, ਟੋਏ 'ਚ ਡਿੱਗਣ ਕਾਰਨ 9 ਮਹੀਨਿਆਂ ਦੇ ਬੱਚੇ ਦੀ ਦਰਦਨਾਕ ਮੌਤ
ਮਾਮਲੇ ਦੀ ਜਾਂਚ ’ਚ ਅਹਿਮ ਸੁਰਾਗ ਮਿਲਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਨਾਭਾ ਜੇਲ੍ਹ ਵਿਚੋਂ 2-3 ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਲਿਆ ਰਹੀ ਹੈ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਕਮਿਸ਼ਨਰੇਟ ਪੁਲਸ ਇਸ ਮਾਮਲੇ ’ਚ ਵੱਡਾ ਖੁਲਾਸਾ ਕਰ ਸਕਦੀ ਹੈ ਪਰ ਇਸ ਗੱਲ ਦੀ ਫਿਲਹਾਲ ਪੁਲਸ ਅਧਿਕਾਰੀਆਂ ਨੇ ਅਧਿਕਾਰਿਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਲਗਭਗ 2 ਹਫ਼ਤਾ ਪਹਿਲਾਂ ਸੁਖਮੀਤ ਸਿੰਘ ਡਿਪਟੀ ਆਪਣੇ ਘਰੋਂ ਜਿਵੇਂ ਹੀ ਬੁਲੇਟ ਮੋਟਰਸਾਈਕਲ ’ਤੇ ਨਿਕਲਿਆ ਤਾਂ ਨਵੀਂ ਦਾਣਾ ਮੰਡੀ ਨੇੜੇ ਸਵਿਫਟ ਕਾਰ ਸਵਾਰ ਨੌਜਵਾਨਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਜ਼ਮੀਨ ’ਤੇ ਡੇਗ ਦਿੱਤਾ ਅਤੇ ਨਾਲ ਹੀ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਦੀ ਬੇਰਹਿਮੀ ਕਰ ਦਿੱਤੀ ਸੀ। ਘਟਨਾ ਨੂੰ 7 ਦਿਨ ਬੀਤ ਜਾਣ ਤੋਂ ਬਾਅਦ ਵੀ ਕਮਿਸ਼ਨਰੇਟ ਪੁਲਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਨਾਕਾਮ ਰਹੀ।
ਦੂਜੇ ਪਾਸੇ ਪੁਲਸ ਨੇ ਡਿਪਟੀ ਦੇ ਮੋਬਾਇਲ ’ਤੇ ਆਖਰੀ ਫੋਨ ਕਰਨ ਵਾਲੇ ਨੌਜਵਾਨ ਅਤੇ ਡਿਪਟੀ ਦੇ ਮੋਬਾਇਲ ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਹੋਇਆ ਹੈ, ਜਿਥੋਂ ਪੁਲਸ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਆਸ ਪ੍ਰਗਟਾ ਰਹੀ ਹੈ। ਪੁਲਸ ਡਿਪਟੀ ਦੇ ਮੋਬਾਇਲ ’ਤੇ ਆਖਰੀ ਫੋਨ ਕਰਨ ਵਾਲੇ ਨੌਜਵਾਨ ਕੋਲੋਂ ਵੀ ਇਸ ਮਾਮਲੇ ਸਬੰਧੀ ਅਤੇ ਡਿਪਟੀ ਦੇ ਸਾਥੀਆਂ ਬਾਰੇ ਅਹਿਮ ਜਾਣਕਾਰੀ ਲੈ ਰਹੀ ਹੈ ਕਿ ਆਖਿਰਕਾਰ ਡਿਪਟੀ ਨੂੰ ਘਰੋਂ ਬਾਹਰ ਬੁਲਾਉਣ ਲਈ ਵ੍ਹਟਸਐਪ ਕਾਲ ਦੀ ਵਰਤੋਂ ਕਿਉਂ ਕੀਤੀ ਗਈ? ਇਸ ਦੇ ਨਾਲ ਹੀ ਪੁਲਸ ਨੇ ਕਈ ਥਾਵਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਅਤੇ ਡੰਪ ਡਾਟਾ ਕਢਵਾ ਕੇ ਇਸ ਮਾਮਲੇ ’ਚ ਕਈ ਲੋਕਾਂ ਕੋਲੋਂ ਪੁੱਛਗਿੱਛ ਕੀਤੀ, ਜਿਸ ਦੇ ਆਧਾਰ ’ਤੇ ਪੁਲਸ ਹੱਥ ਡਿਪਟੀ ਹੱਤਿਆ ਕਾਂਡ ’ਚ ਹੁਣ ਨਵੇਂ ਸੁਰਾਗ ਲੱਗੇ ਹਨ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਮਿਸ਼ਨਰੇਟ ਪੁਲਸ ਇਸ ਹੱਤਿਆ ਕਾਂਡ ਦਾ ਜਲਦੀ ਖ਼ੁਲਾਸਾ ਕਰ ਸਕਦੀ ਹੈ।
ਇਹ ਵੀ ਪੜ੍ਹੋ: ਬੱਸਾਂ ’ਚ ਸਫ਼ਰ ਕਰਨ ਵਾਲਿਆਂ ਨੂੰ ਝੱਲਣੀ ਪਵੇਗੀ ਪ੍ਰੇਸ਼ਾਨੀ, ਅੱਜ ਤੋਂ 3 ਰੋਜ਼ਾ ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।