ਪੰਚਾਇਤੀ ਚੋਣਾਂ : ਰੰਧਾਵਾ ਨੇ ਆਪਣੇ ਹੀ ਮੰਤਰੀ 'ਤੇ ਖੜ੍ਹੇ ਕੀਤੇ ਸਵਾਲ (ਵੀਡੀਓ)
Sunday, Dec 23, 2018 - 06:45 PM (IST)
ਸ੍ਰੀ ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਸ਼ਹੀਦੀ ਸਮਾਗਮ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਪਣੀ ਹੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਰੰਧਾਵਾ ਨੇ ਕਿਹਾ ਕਿ ਦਸੰਬਰ ਦੇ ਇਸ ਗਮਗੀਨ ਮਾਹੌਲ 'ਚ ਪੰਚਾਇਤੀ ਚੋਣਾਂ ਨਹੀਂ ਸੀ ਰੱਖਣੀਆਂ ਚਾਹੀਦੀਆਂ ਅਤੇ ਚੋਣਾਂ ਦੇ ਸਮੇਂ ਨੂੰ ਲੈ ਕੇ ਪੰਚਾਇਤ ਮੰਤਰੀ ਨੂੰ ਹੋਰਨਾਂ ਮੰਤਰੀਆਂ ਦੀ ਸਲਾਹ ਲੈਣੀ ਚਾਹੀਦੀ ਸੀ। ਖਾਸ ਕਰਕੇ ਉਨ੍ਹਾਂ ਜ਼ਿਲਿਆਂ ਦੀਆਂ ਪੰਚਾਇਤੀ ਚੋਣਾਂ ਅੱਗੇ ਪਾ ਲੈਣੀਆਂ ਚਾਹੀਦੀਆਂ ਸਨ, ਜਿਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸੀ ਅਤੇ ਸ਼ਹੀਦੀਆਂ ਹੋਈਆਂ ਸਨ।
ਦੱਸ ਦੇਈਏ ਕਿ ਸਿੱਖ ਇਤਿਹਾਸ 'ਚ ਦਸੰਬਰ ਮਹੀਨਾ ਸ਼ਹੀਦੀਆਂ ਵਾਲੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ, ਮਾਤਾ ਗੁਜਰੀ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਸਣੇ ਸੈਂਕੜੇ ਸਿੰਘਾਂ ਦੀ ਸ਼ਹੀਦੀ ਹੋਈ ਸੀ।