ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਤੰਜ, ਜੇਲ੍ਹਾਂ ਤੋਂ ਨਹੀਂ ਡਰਦਾ ਅਕਾਲੀ ਦਲ ਤਾਂ ਮਜੀਠੀਆ ਨੂੰ ਕਰੇ ਪੇਸ਼

Wednesday, Dec 22, 2021 - 11:30 AM (IST)

ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਤੰਜ, ਜੇਲ੍ਹਾਂ ਤੋਂ ਨਹੀਂ ਡਰਦਾ ਅਕਾਲੀ ਦਲ ਤਾਂ ਮਜੀਠੀਆ ਨੂੰ ਕਰੇ ਪੇਸ਼

ਜਲੰਧਰ- ਪੰਜਾਬ ਦੀ ਰਾਜਨੀਤੀ ’ਚ ਪਿਛਲੇ ਕਈ ਸਾਲਾਂ ਤੋਂ ਵੱਡਾ ਮੁੱਦਾ ਬਣੇ ਹੋਏ ਸਿੰਥੈਟਿਕ ਡਰੱਗਜ਼ ਮਾਮਲੇ ’ਚ ਚੋਣਾਂ ਦੇ ਨਜ਼ਦੀਕ ਆ ਕੇ ਇਕ ਵਾਰ ਫਿਰ ਤੋਂ ਵੱਡੀ ਹਲਚਲ ਮਚੀ ਹੋਈ ਹੈ। ਅਕਾਲੀ ਨੇਤਾ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਪੁਲਸ ਐਕਸ਼ਨ ਮੋਡ ’ਚ ਦਿਸ ਰਹੀ ਹੈ। ਇਸ ਸਾਰੇ ਸਥਿਤੀ ’ਤੇ ਉੱਪ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਮਹਿਕਮਾ ਵੀ ਹੈ, ਸੁਖਜਿੰਦਰ ਸਿੰਘ ਰੰਧਾਵਾ ਨਾਲ ‘ਜਗਬਾਣੀ’ ਦੇ ਰਮਨਜੀਤ ਸਿੰਘ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਸਵਾਲ: ਬਹੁਤ ਦਬਾਅ ਸੀ ਇਸ ਕਾਰਵਾਈ ਲਈ। ਅਕਸਰ ਕਿਹਾ ਜਾਂਦਾ ਸੀ ਕਿ ਪੰਜਾਬ ਸਰਕਾਰ ਵੱਡੀਆਂ ਮੱਛੀਆਂ ਨਹੀਂ ਫੜ੍ਹਦੀ, ਤੁਸੀਂ ਖ਼ੁਦ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਮਾਮਲਾ ਚੁੱਕਦੇ ਰਹੇ। ਹੁਣ ਕੀ?
ਜਵਾਬ:
ਨਹੀਂ, ਕੋਈ ਦਬਾਅ ਨਹੀਂ ਸੀ, ਵਿਰੋਧੀ ਕੁਝ ਵੀ ਕਹਿਣ। ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਬੰਦ ਸੀ, ਜਿਸ ਬਾਰੇ ਕੁਝ ਹੀ ਦਿਨ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਤੋਂ ਨਹੀਂ ਰੋਕਿਆ ਗਿਆ ਹੈ। ਬਦਕਿਸਮਤੀ ਨਾਲ ਕਹਿਣਾ ਚਾਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਸਾਨੂੰ ਇਹੀ ਕਿਹਾ ਜਾਂਦਾ ਰਿਹਾ ਸੀ ਕਿ ਇਸ ਮਾਮਲੇ ’ਚ ਕੁਝ ਨਹੀਂ ਹੋ ਸਕਦਾ। ਮੈਂ ਪੱਤਰ ਵੀ ਲਿਖੇ ਸਨ, ਜਿਨ੍ਹਾਂ ਦਾ ਜਵਾਬ ਕਦੇ ਕੈਪਟਨ ਨੇ ਖ਼ੁਦ ਨਹੀਂ ਦਿੱਤਾ, ਸਗੋਂ ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ ਸੁਰੇਸ਼ ਕੁਮਾਰ ਦਿੰਦੇ ਰਹੇ ਸਨ। ਅਸਲ ’ਚ ਕੈਪਟਨ ਹੀ ਇਸ ਮਾਮਲੇ ’ਚ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਨ।

ਸਵਾਲ: ਕੁਝ ਹੀ ਦਿਨ ਪਹਿਲਾਂ ਕੈ. ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਉਨ੍ਹਾਂ ’ਤੇ ਗਲਤ ਇਲਜ਼ਾਮ ਲਗਾਏ ਜਾਂਦੇ ਰਹੇ ਸਨ। ਕੈਪਟਨ ਕਹਿੰਦੇ ਹਨ ਕਿ ਹੁਣ ਦੋ ਮਹੀਨੇ ਤੋਂ ਉੱਤੇ ਸਮਾਂ ਹੋ ਚੁੱਕਿਆ ਹੈ ਸੀ. ਐੱਮ. ਬਦਲੇ, ਫਿਰ ਵੀ ਮਜੀਠੀਆ ’ਤੇ ਕੁਝ ਨਹੀਂ ਕਰ ਸਕੇ?
ਜਵਾਬ:
ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੈ. ਅਮਰਿੰਦਰ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ। ਲੋਕਾਂ ਨੇ ਉਨ੍ਹਾਂ ਨੂੰ ਇਸ ਕੰਮ ਲਈ ਸਾਢੇ ਚਾਰ ਸਾਲ ਦਾ ਸਮਾਂ ਦਿੱਤਾ ਸੀ ਉਦੋਂ ਕਿਉਂ ਨਹੀਂ ਕੀਤਾ ਕੁਝ। ਸਾਡੇ ’ਤੇ ਸਵਾਲ ਉਠਾ ਰਹੇ ਹਨ, ਸਾਨੂੰ 2 ਮਹੀਨੇ ਹੀ ਮਿਲੇ ਅਤੇ ਕੈਪਟਨ ਸਾਹਿਬ ਵੇਖ ਲੈਣ ਕਿ ਅਸੀਂ ਤਾਂ ਕਰ ਵਿਖਾਇਆ ਹੈ। ਉਂਝ ਵੀ ਹੁਣ ਕੈ. ਅਮਰਿੰਦਰ ਦੀ ਉਮਰ ਹੋ ਚੁੱਕੀ ਹੈ, ਇਸ ਲਈ ਉਨ੍ਹਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦਾ।

ਇਹ ਵੀ ਪੜ੍ਹੋ: ਜਾਖੜ ਨੇ ਕੈਂਪੇਨ ਕਮੇਟੀ ਦੀ ਅੱਜ ਮੁੜ ਸੱਦੀ ਬੈਠਕ, CM ਚੰਨੀ, ਸਿੱਧੂ ਤੇ ਹਰੀਸ਼ ਚੌਧਰੀ ਸਣੇ 21 ਆਗੂ ਹੋਣਗੇ ਸ਼ਾਮਲ

ਸਵਾਲ: ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਰਾਜਨੀਤਕ ਰੰਜਿਸ਼ ਦਾ ਹੈ, ਕਈ ਪੁਲਸ ਅਧਿਕਾਰੀਆਂ ਵੱਲੋਂ ਕਾਰਵਾਈ ਕਰਨ ਤੋਂ ਇਨਕਾਰ ਕਰਨ ਕਾਰਨ ਆਖਿਰਕਾਰ ਡੀ. ਜੀ. ਪੀ. ਨੂੰ ਬਦਲ ਕੇ ਹੀ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ?
ਜਵਾਬ:
ਪੁਰਾਣੀ ਕਹਾਵਤ ਹੈ, ਚੋਰ ਦੀ ਦਾੜੀ ’ਚ ਤਿਣਕਾ। ਪੰਜਾਬ ਦੇ ਲੋਕਾਂ ਨੂੰ ਸਭ ਕੁਝ ਪਤਾ ਹੈ। ਇਹ ਕਿਸੇ ਵੀ ਤਰ੍ਹਾਂ ਰਾਜਨੀਤਕ ਰੰਜਿਸ਼ ਦੀ ਕਾਰਵਾਈ ਨਹੀਂ ਹੈ। ਹਾਈ ਕੋਰਟ ’ਚ ਪੈਂਡਿੰਗ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਹੋਈ ਹੈ। ਅਕਾਲੀ ਨੇਤਾ ਨੂੰ ਲੱਗਦਾ ਸੀ ਕਿ ਐੱਸ. ਟੀ. ਐੱਫ. ਰਿਪੋਰਟ ’ਚ ਉਨ੍ਹਾਂ ਦਾ ਨਾਮ ਗਲਤ ਤਰੀਕੇ ਨਾਲ ਪਾਇਆ ਗਿਆ ਹੈ ਤਾਂ ਉਨ੍ਹਾਂ ਨੂੰ ਅਦਾਲਤ ’ਚ ਜਾਣਾ ਚਾਹੀਦਾ ਸੀ। ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਗਠਜੋੜ ਸਾਥੀ ਭਾਜਪਾਈ ਵੀ ਕਹਿਣ ਲੱਗੇ ਹਨ ਕਿ ਸੂਬੇ ’ਚ ਕਿਸੇ ਦੇ ਨਾਮ ’ਤੇ ਵੀ ਨਸ਼ੇ ਦਾ ਨਾਮ ਚੱਲਦਾ ਸੀ। ਉਥੇ ਹੀ, ਇਸ ਮਾਮਲੇ ’ਚ ਜਿਸ ਨੇ ਕਾਰਵਾਈ ਨਹੀਂ ਕੀਤੀ ਅਤੇ ਲਟਕਾਈ ਰੱਖੀ, ਉਹ ਕੈ. ਅਮਰਿੰਦਰ ਹੁਣ ਭਾਜਪਾ ਦੇ ਨਾਲ ਜੁੜ ਗਏ ਹਨ ਅਤੇ ਸਾਨੂੰ ਜਿੰਨਾ ਵੀ ਘੱਟ ਸਮਾਂ ਮਿਲਿਆ, ਉਸੇ ’ਚ ਅਸੀਂ ਕਰ ਵਿਖਾਇਆ ਹੈ।

ਸਵਾਲ: ਐੱਫ਼. ਆਈ. ਆਰ. ਦਰਜ ਹੋ ਗਈ ਹੈ, ਹੁਣ ਅੱਗੇ ਗ੍ਰਿਫ਼ਤਾਰੀ ਦਾ ਕੀ ਹੋਵੇਗਾ?
ਜਵਾਬ:
ਵੇਖੋ ਕਾਨੂੰਨ ਦਾ ਕੰਮ ਤੈਅ ਹੈ। ਐੱਫ. ਆਈ. ਆਰ. ਦਰਜ ਹੁੰਦੀ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਫਿਰ ਮਾਮਲਾ ਅਦਾਲਤ ’ਚ ਜਾਂਦਾ ਹੈ। ਇਸ ਮਾਮਲੇ ’ਚ ਵੀ ਅਜਿਹਾ ਹੀ ਹੋਵੇਗਾ। ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ, ਐੱਸ. ਆਈ. ਟੀ. ਦਾ ਗਠਨ ਵੀ ਕਰ ਦਿੱਤਾ ਹੈ ਅਤੇ ਸਾਡੀਆਂ ਟੀਮਾਂ ਮਜੀਠੀਆ ਨੂੰ ਲੱਭ ਰਹੀਆਂ ਹਨ। ਕਈ ਜਗ੍ਹਾ ਛਾਪੇਮਾਰੀ ਕੀਤੀ ਗਈ ਹੈ ਪਰ ਅਜੇ ਤਕ ਮਜੀਠੀਆ ਹੱਥ ਨਹੀਂ ਲੱਗੇ ਹਨ। ਪਤਾ ਲੱਗਿਆ ਹੈ ਕਿ ਸਕਿਓਰਿਟੀ ਟੀਮ ਨੂੰ ਵੀ ਕੋਈ ਜਾਣਕਾਰੀ ਦਿੱਤੇ ਬਿਨਾਂ ਹੀ ਮਜੀਠੀਆ ਕਿਤੇ ਨਿਕਲ ਗਏ ਹਨ ਪਰ ਇੰਨਾ ਤੈਅ ਹੈ ਕਿ ਅਸੀਂ ਜਲਦੀ ਹੀ ਗ੍ਰਿਫ਼ਤਾਰੀ ਕਰਨ ’ਚ ਕਾਮਯਾਬ ਹੋ ਜਾਵਾਂਗੇ। ਕਾਨੂੰਨ ਆਪਣਾ ਕੰਮ ਕਰੇਗਾ, ਐੱਫ. ਆਈ. ਆਰ. ਦਰਜ ਹੋਈ ਹੈ ਤਾਂ ਗ੍ਰਿਫ਼ਤਾਰੀ ਵੀ ਹੋਵੇਗੀ। 

ਇਹ ਵੀ ਪੜ੍ਹੋ: ਦਸੂਹਾ ’ਚ ਗਰਜੇ ਭਗਵੰਤ ਮਾਨ, ਕਿਹਾ-ਪੰਜਾਬ ’ਚ ਸਰਕਾਰ ਨਹੀਂ, ਮਜ਼ਾਕ ਚੱਲ ਰਿਹਾ

ਸਵਾਲ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਹੈ ਕਿ ਇਹ ਵੇਂਡੇਟਾ ਪਾਲੀਟਿਕਸ ਤਹਿਤ ਦਰਜ ਕੀਤਾ ਗਿਆ ਹੈ ਪਰ ਅਕਾਲੀ ਦਲ ਜੇਲ੍ਹਾਂ ਤੋਂ ਨਹੀਂ ਡਰਦਾ ?
ਜਵਾਬ:
ਜੇਕਰ ਜੇਲ੍ਹਾਂ ਤੋਂ ਡਰ ਨਹੀਂ ਲੱਗਦਾ ਤਾਂ ਕਿਉਂ ਲੁਕਣਮੀਟੀ ਚੱਲ ਰਹੀ ਹੈ। ਬਾਦਲ ਸਾਹਿਬ ਨੂੰ ਕਹੋ ਕਿ ਮਜੀਠੀਆ ਨੂੰ ਪੇਸ਼ ਕਰ ਦੇਣ। ਅਦਾਲਤ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਂਝ ਮੈਂ ਤਾਂ ਕਹਾਂਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ਵਿਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਜੀਠੀਆ ਉਹੀ ਵਿਅਕਤੀ ਹੈ, ਜਿਸ ਨੇ ਅਕਾਲੀ ਦਲ ਨੂੰ ਦਾਗਦਾਰ ਕੀਤਾ ਹੈ। ਜੇਕਰ ਲੱਗਦਾ ਸੀ ਕਿ ਇਹ ਰਿਪੋਰਟ ਗਲਤ ਹੈ ਤਾਂ ਹਾਈ ਕੋਰਟ ਵਿਚ ਕਿਉਂ ਨਹੀਂ ਕਿਹਾ ਕਿ ਐੱਸ. ਟੀ. ਐੱਫ. ਨੇ ਗਲਤ ਰਿਪੋਰਟ ਬਣਾਈ ਹੈ।

ਸਵਾਲ: ਏ. ਡੀ. ਜੀ. ਪੀ. ਐੱਸ. ਕੇ. ਅਸਥਾਨਾ ਦੀ ਰਿਪੋਰਟ ਲੀਕ ਹੋਈ, ਉਸ ਦਾ ਕੀ ਹੋਇਆ ?
ਜਵਾਬ:
ਉਹ ਮਾਮਲਾ ਵੀ ਕਾਫ਼ੀ ਗੰਭੀਰ ਹੈ। ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ ਅਤੇ ਉਸ ਮਾਮਲੇ ਵਿਚ ਵੀ ਛੇਤੀ ਹੀ ਅਸਲੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਸਵਾਲ: ਤੁਹਾਡੇ ਸਾਥੀ ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਡੀ. ਜੀ. ਪੀ. ਚਟੋਪਾਧਿਆਏ ’ਤੇ ਗੰਭੀਰ ਦੋਸ਼ ਲਗਾਇਆ ਹੈ, ਕੀ ਕਹੋਗੇ?
ਜਵਾਬ:
ਬਹੁਤ ਹੈਰਾਨੀ ਦੀ ਗੱਲ ਹੈ। ਪਿੰਕੀ ਮੇਰੇ ਨਾਲ ਕੱਲ੍ਹ ਹੀ ਮਿਲ ਕੇ ਗਏ ਹਨ ਅਤੇ ਕਾਫ਼ੀ ਲੰਬੀ ਗੱਲਬਾਤ ਦੌਰਾਨ ਉਨ੍ਹਾਂ ਨੇ ਅਜਿਹੇ ਕਿਸੇ ਮਾਮਲੇ ਸਬੰਧੀ ਸ਼ਿਕਾਇਤ ਨਹੀਂ ਕੀਤੀ। ਹਾਲੇ ਪੂਰੀ ਜਾਣਕਾਰੀ ਵੀ ਨਹੀਂ ਹੈ ਪਰ ਮੈਂ ਜ਼ਰੂਰ ਵਿਧਾਇਕ ਪਿੰਕੀ ਨਾਲ ਗੱਲ ਕਰਾਂਗਾ।
ਮਜੀਠੀਆ ਲਈ ਜ਼ੋਰ ਲਗਾਉਣ ਦੀ ਥਾਂ ਇਸ ਮਾਮਲੇ ’ਤੇ ਧਿਆਨ ਦੇਣ ਬਾਦਲ

ਸਵਾਲ:  ਤੁਹਾਡੇ ਸਾਥੀ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਕੀ ਕਹੋਗੇ ?
ਜਵਾਬ:
ਰਾਣਾ ਗੁਰਮੀਤ ਸਿੰਘ ਸੋਢੀ ਦਾ ਤਾਂ ਕਾਫ਼ੀ ਪਹਿਲਾਂ ਤੋਂ ਹੀ ਪਤਾ ਚੱਲ ਗਿਆ ਸੀ। ਕੈਪਟਨ ਦੇ ਕਰੀਬੀ ਸਨ ਪਰ ਕੈਪਟਨ ਦੀ ਹੀ ਸਰਕਾਰ ਦੌਰਾਨ ਉਨ੍ਹਾਂ ਖ਼ਿਲਾਫ਼ ਡਬਲ ਮੁਆਵਜ਼ਾ ਲੈਣ ਦਾ ਕੇਸ ਬਣ ਗਿਆ। ਕਾਂਗਰਸ ਵਿਚ ਸਨ ਤਦ ਤਕ ਦਾਗੀ ਸਨ ਅਤੇ ਹੁਣ ਸ਼ਾਇਦ ਭਾਜਪਾ ਵਿਚ ਜਾ ਕੇ ਪਾਕ-ਸਾਫ਼ ਹੋ ਜਾਣਗੇ।

ਸਵਾਲ: ਚੋਣਾਂ ਨੇੜੇ ਆਈਆਂ ਤਾਂ ਇਕ ਵਾਰ ਫਿਰ ਤੋਂ ਬੇਅਦਬੀ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੀ ਅੰਮ੍ਰਿਤਸਰ ਮਾਮਲੇ ਦੀ ਰਿਪੋਰਟ ਜਮ੍ਹਾ ਹੋਈ ਹੈ?
ਜਵਾਬ:
ਮੈਂ ਤਾਂ ਕਹਿੰਦਾ ਹਾਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਮਜੀਠੀਆ ਲਈ ਜ਼ੋਰ ਲਗਾਉਣ ਦੀ ਥਾਂ ਇਸ ਮਾਮਲੇ ’ਤੇ ਧਿਆਨ ਦੇਣ।
ਹੋਣਾ ਇਹ ਚਾਹੀਦਾ ਹੈ ਕਿ ਸਾਰੇ ਰਾਜਨੀਤਕ ਦਲ ਮਿਲ-ਬੈਠ ਕੇ ਇਸ ਗੰਭੀਰ ਮਾਮਲੇ ਵਿਚ ਸਮਾਜਿਕ ਤੌਰ ’ਤੇ ਵੱਡੀ ਮੁਹਿੰਮ ਚਲਾਉਣ, ਤਾਂ ਕਿ ਕਿਸੇ ਵੀ ਧਾਰਮਿਕ ਥਾਂ ’ਤੇ ਬੇਅਦਬੀ ਵਰਗੀਆਂ ਘਟਨਾਵਾਂ ਨਾ ਹੋਣ। ਰਹੀ ਗੱਲ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਵਿਚ ਹੋਈ ਘਟਨਾ ਦੀ ਤਾਂ ਸਾਨੂੰ ਉਮੀਦ ਸੀ ਕਿ ਛੇਤੀ ਹੀ ਮੁਲਜ਼ਮ ਦੀ ਪਛਾਣ ਹੋ ਜਾਵੇਗੀ ਪਰ ਨਾ ਮੁਲਜ਼ਮ ਕੋਲ ਮੋਬਾਇਲ ਫੋਨ ਮਿਲਿਆ, ਨਾ ਹੀ ਕੋਈ ਪਛਾਣ ਪੱਤਰ ਅਤੇ ਨਾ ਹੀ ਉਸ ਦੀਆਂ ਉਂਗਲੀਆਂ ਦੇ ਪ੍ਰਿੰਟ ਹੀ ਹਾਸਲ ਹੋ ਸਕੇ, ਜਿਸ ਨਾਲ ਉਸਦੀ ਸ਼ਨਾਖਤ ਹੋ ਸਕਦੀ। ਹੁਣ ਪੁਲਸ ਕਈ ਤਰੀਕਿਆਂ ਨਾਲ ਉਸ ਦੀ ਪਛਾਣ ਦਾ ਪਤਾ ਲਗਾਉਣ ਵਿਚ ਲੱਗੀ ਹੈ ਅਤੇ ਪਛਾਣ ਹੁੰਦੇ ਹੀ ਅੱਗੇ ਦੀਆਂ ਕੜੀਆਂ ਜੁੜ ਜਾਣਗੀਆਂ।

ਇਹ ਵੀ ਪੜ੍ਹੋ: ਜਦੋਂ ਵਿਆਹੁਣ ਆਏ ਲਾੜੇ ਦੇ ਨਾਜਾਇਜ਼ ਸਬੰਧਾਂ ਦਾ ਪ੍ਰੇਮਿਕਾ ਦੇ ਪਤੀ ਨੇ ਖੋਲ੍ਹਿਆ ਭੇਤ, ਹੈਰਾਨ ਕਰੇਗਾ ਪੂਰਾ ਮਾਮਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News