ਕਰਤਾਰਪੁਰ ਕੋਰੀਡੋਰ ਦੀ ਪੜਚੋਲ ਕਰੇਗੀ ਪੰਜਾਬ ਕੈਬਨਿਟ

Sunday, Sep 15, 2019 - 10:14 AM (IST)

ਕਰਤਾਰਪੁਰ ਕੋਰੀਡੋਰ ਦੀ ਪੜਚੋਲ ਕਰੇਗੀ ਪੰਜਾਬ ਕੈਬਨਿਟ

ਜਲੰਧਰ (ਧਵਨ)— ਕਰਤਾਰਪੁਰ ਕੋਰੀਡੋਰ ਦੀ ਪੜਚੋਲ ਲਈ ਪੰਜਾਬ ਕੈਬਨਿਟ ਦੀ ਵਿਸ਼ੇਸ਼ ਮੀਟਿੰਗ 19 ਸਤੰਬਰ ਨੂੰ ਸ੍ਰੀ ਡੇਰਾ ਬਾਬਾ ਨਾਨਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਗਈ ਹੈ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਪੀਲ 'ਤੇ ਹੀ ਵਿਸ਼ੇਸ਼ ਮੀਟਿੰਗ ਡੇਰਾ ਬਾਬਾ ਨਾਨਕ 'ਚ ਰੱਖੀ ਗਈ ਹੈ, ਜਿਸ 'ਚ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਚੱਲ ਰਹੇ ਉਸਾਰੀ ਕੰਮਾਂ ਦਾ ਜਾਇਜ਼ਾ ਕੈਬਨਿਟ ਵੱਲੋਂ ਲਿਆ ਜਾਵੇਗਾ। ਮੁੱਖ ਮੰਤਰੀ ਵੱਲੋਂ ਖੁਦ ਉਸਾਰੀ ਅਧੀਨ ਕਰਤਾਰਪੁਰ ਕੋਰੀਡੋਰ ਨਾਲ ਸਬੰਧਤ ਪ੍ਰਾਜੈਕਟਾਂ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਜਾਵੇਗਾ ।

ਪੰਜਾਬ ਸਰਕਾਰ ਨੇ ਸ੍ਰੀ ਕਰਤਾਰਪੁਰ ਕੋਰੀਡੋਰ ਦਾ ਕੰਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ, ਜਿਹੜਾ ਨਵੰਬਰ ਮਹੀਨੇ 'ਚ ਆ ਰਿਹਾ ਹੈ, ਤੋਂ ਪਹਿਲਾਂ ਨੇਪਰੇ ਚਾੜ੍ਹਨ ਦਾ ਐਲਾਨ ਕੀਤਾ ਹੋਇਆ ਹੈ। ਪਾਕਿਸਤਾਨੀ ਇਲਾਕੇ 'ਚ ਵੀ ਸ੍ਰੀ ਕਰਤਾਰਪੁਰ ਕੋਰੀਡੋਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਦੋਂਕਿ ਦੂਜੇ ਪਾਸੇ ਭਾਰਤੀ ਇਲਾਕੇ ਡੇਰਾ ਬਾਬਾ ਨਾਨਕ 'ਚ ਵੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ।

ਸ੍ਰੀ ਕਰਤਾਰਪੁਰ ਬਾਰੇ ਕੁਝ ਹੋਰ ਸੁਝਾਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਦਿੱਤੇ ਜਾਣਗੇ। ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਕੋਰੀਡੋਰ ਵੱਲ ਜਾਣ ਵਾਲੇ ਰਾਹ 'ਤੇ ਫੁੱਲ ਖਾਸ ਤੌਰ 'ਤੇ ਲਾਏ ਗਏ ਹਨ। ਸਰਕਾਰੀ ਸਕੂਲ ਨੂੰ 40 ਲੱਖ ਰੁਪਏ ਦੀ ਲਾਗਤ ਨਾਲ ਸਮਾਰਟ ਸਕੂਲ 'ਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਪ੍ਰਕਾਰ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈੱਲਪਮੈਂਟ ਸੈਂਟਰ) ਵੀ ਸਥਾਪਤ ਕੀਤਾ ਜਾ ਰਿਹਾ ਹੈ। ਸ੍ਰੀ ਕਰਤਾਰਪੁਰ ਬਾਰੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਅਜੇ ਸਿਰਫ ਇਕ ਮਸਲਾ ਬਚਿਆ ਹੋਇਆ ਹੈ, ਜਿਹੜਾ ਵੀਜ਼ਾ ਫੀਸ ਨਾਲ ਸਬੰਧਤ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ਤੋਂ ਵੀਜ਼ਾ ਫੀਸ ਖਤਮ ਕਰਨ ਦੀ ਮੰਗ ਕੀਤੀ ਹੋਈ ਹੈ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਖੁੱਲ੍ਹੇ ਦਰਸ਼ਨ-ਏ-ਦੀਦਾਰ ਹੋ ਸਕਣ।


author

shivani attri

Content Editor

Related News